ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ਦੀ ਕੈਪਟਨ ਸਰਕਾਰ ਪੰਜਾਬ ਵਿਚੋਂ ਨਸ਼ੇ ਦਾ ਲੱਕ ਤੋੜਨ ਦੇ ਚਾਹੇ ਲੱਖਾਂ ਵਾਅਦੇ ਕਿਉਂ ਨਾ ਕਰ ਲੈਵੇ ਪਰ ਜਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆਉਂਦੀ ਹੈ ਅਤੇ ਨੌਜਵਾਨ ਖੁਲ੍ਹੇ ਵਿਕ ਰਹੇ ਨਸ਼ੇ ਦੀ ਵਰਤੋਂ ਕਰਕੇ ਆਪਣੀ ਆਪ ਅਤੇ ਆਪਣੇ ਪਰਿਵਾਰ ਨੂੰ ਉਜਾੜ ਰਹੇ ਹਨ। ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇ ਦਾ ਆਦੀ ਨੌਜਵਾਨ ਆਪਣੇ ਪਰਿਵਾਰ ਲਈ ਮੁਸਿਬਤ ਬਣਿਆ ਹੋਇਆ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਉਹ ਘਰ ਦਾ ਸਮਾਨ ਵੇਚ ਦਿੰਦਾ ਹੈ ਅਤੇ ਨਸ਼ੇ ਦੀ ਹਾਲਤ ਵਿਚ ਆਪਣੇ ਘਰਦਿਆਂ ਨੂੰ ਹੀ ਘਰੋਂ ਕੱਢ ਦਿੰਦਾ ਹੈ।
ਦਰਅਸਲ ਮੋਗਾ ਦੇ ਰਹਿਣ ਵਾਲੇ 21 ਸਾਲਾਂ ਨੌਜਵਾਨ ਨੂੰ ਨਸ਼ੇ ਦੀ ਅਜਿਹੀ ਲਤ ਲੱਗੀ ਹੋਈ ਹੈ ਕਿ ਉਹ ਨਸ਼ਾ ਖਰੀਦਣ ਲਈ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਹੈ। ਨਸ਼ੇ ਦੀ ਪੂਰਤੀ ਵਾਸਤੇ ਉਹ ਆਪਣੀ ਮਾਂ ਅਤੇ ਭੈਣ ਨਾਲ ਮਾਰ-ਕੁੱਟ ਕਰਦਾ ਹੈ ਅਤੇ ਪੈਸੇ ਖੋਹ ਲੈਂਦਾ ਹੈ। ਨਸ਼ੇ ਦੇ ਆਦੀ ਨੌਜਵਾਨ ਨੇ ਹੁਣ ਤੱਕ ਆਪਣੇ ਘਰ ਦਾ ਅੱਧੇ ਤੋਂ ਜਿਆਦਾ ਸਮਾਨ ਵੇਚ ਦਿੱਤਾ ਹੈ ਜਿਸ ਵਿਚ ਪੱਖੇ,ਗੈਸ ਸਿਲੰਡਰ ਅਤੇ ਹੋਰ ਵਰਤੋਂ ਦਾ ਸਮਾਨ ਸੀ। ਇਹ ਨੌਜਵਾਨ ਪਿਛਲੇ ਪੰਜ ਸਾਲ ਤੋਂ ਨਸ਼ੇ ਦੇ ਸਮੁੰਦਰ ਵਿਚ ਡੂਬਿਆ ਹੋਇਆ ਹੈ।
ਨਸ਼ੇੜੀ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਉਸ ਦੇ ਸਿਰ ਪਿਤਾ ਦਾ ਸਾਇਆ ਨਹੀਂ ਹੈ,ਮਾਂ ਸ਼ੁੱਗਰ ਦੀ ਮਰੀਜ਼ ਹੈ ਅਤੇ ਦਾਦਾ ਜੀ ਬਿਲਕੁੱਲ ਬਜ਼ੁਰਗ ਹਨ ਪਰ ਉਸ ਦਾ ਭਰਾ ਨਸ਼ੇ ਵਿਚ ਧੁੱਤ ਹੋ ਕੇ ਉਨ੍ਹਾਂ ਨਾਲ ਮਾਰ-ਕੁੱਟ ਕਰਦਾ ਹੈ ਅਤੇ ਪਿਛਲੇ ਦਿਨੀਂ ਉਸ ਨੇ ਉਸ ਨੂੰ , ਉਸ ਦੀ ਮਾਂ ਅਤੇ ਦਾਦਾ ਜੀ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਹ 5-6 ਦਿਨ ਤੱਕ ਗੁਰਦੁਆਰਾ ਸਾਹਿਬ ਰਹੇ ਸਨ। ਲੜਕੀ ਅਨੁਸਾਰ ਉਹ ਆਪਣੇ ਬਾਕੀ ਸਾਥੀਆਂ ਨੂੰ ਵੀ ਘਰ ਲਿਆਉਂਦਾ ਹੈ ਜਿਸ ਕਰਕੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਪੀੜਤ ਲੜਕੀ ਨੇ ਮੰਗ ਕੀਤੀ ਕਿ ਉਸ ਦੇ ਭਰਾ ਨੂੰ 5-6 ਸਾਲ ਲਈ ਜੇਲ੍ਹ ਭੇਜ ਦਿੱਤਾ ਜਾਵੇ ਕਿਉਂਕਿ ਉਹ ਉਸ ਤੋਂ ਬਹੁਤ ਪਰੇਸ਼ਾਨ ਹਨ।
ਉੱਥੇ ਹੀ ਨਸ਼ੇੜੀ ਨੌਜਵਾਨ ਦੇ ਬਜ਼ੁਰਗ ਦਾਦੇ ਦਾ ਕਹਿਣਾ ਸੀ ਕਿ ਉਹ ਇਹੀ ਇਨਸਾਫ਼ ਚਾਹੁੰਦੇ ਹਨ ਕਿ ਨਸ਼ੇ ਨੂੰ ਪੰਜਾਬ ਵਿਚੋਂ ਖਤਮ ਕੀਤਾ ਜਾਵੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜਿਵੇ ਉਨ੍ਹਾਂ ਦਾ ਬੇਟਾ ਉਜੜਿਆ ਹੈ ਉਵੇ ਹੋਰ ਕਿਸੇ ਦਾ ਪੁੱਤ ਨਾ ਉਜੜੇ।
ਉੱਥੇ ਹੀ ਇਲਾਕੇ ਦੇ ਪਾਰਸ਼ਦ ਗੋਰਵਧਨ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਇਸ ਲੜਕੇ ਨੂੰ ਸਮਝਾਇਆ ਅਤੇ ਨਸ਼ਾ ਛਡਾਊ ਕੇਂਦਰ ਵਿਚ ਭਰਤੀ ਕਰਵਾਇਆ ਹੈ ਪਰ ਫਿਰ ਵੀ ਇਹ ਚਿੱਟੇ ਨੂੰ ਨਹੀਂ ਛੱਡ ਰਿਹਾ ਹੈ। ਪਾਰਸ਼ਦ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਸ ਲੜਕੇ ਨੂੰ ਅੱਜ ਸਵੇਰੇ ਹੀ ਪੁੱਛਿਆ ਕਿ ਚਿੱਟਾ ਕਿੱਥੋਂ ਮਿਲਦਾ ਹੈ ਤਾਂ ਉਸ ਨੇ ਦੱਸਿਆ ਕਿ ਚਿੱਟਾ ਕਿਧਰੋਂ ਵੀ ਲੈ ਲਵੋਂ ਬੜੀ ਅਸਾਨੀ ਨਾਲ ਮਿਲ ਜਾਂਦਾ ਹੈ।
ਉੱਥੇ ਹੀ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣ ਹੈ ਕਿ ਪੁਲਿਸ ਦੁਆਰਾ ਨਸ਼ੇ ਵਿਰੁੱਧ ਸਮੇਂ-ਸਮੇਂ ਉੱਤੇ ਅਭਿਆਨ ਚਲਾਏ ਜਾਂਦੇ ਹਨ ਅਤੇ ਨਤੀਜੇ ਵਜੋਂ ਪਿਛਲੇ ਦਿਨਾਂ ਵਿਚ ਚੰਗੀ ਰਿਕਵਰੀ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹਨ ਉਨ੍ਹਾਂ ਨੂੰ ਵਾਪਸ ਰਸਤੇ ਉੱਤੇ ਲਿਆਉਣ ਲਈ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਵੀ ਕਰਵਾਇਆਂ ਜਾਂਦਾ ਹੈ।
ਖੈਰ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਨੂੰ ਸੂਬੇ ਵਿਚੋਂ ਜੜ ਤੋਂ ਖਤਮ ਕੀਤਾ ਜਾਵੇ ਤਾਂ ਜੋ ਅਜਿਹੇ ਨੌਜਵਾਨ ਨਸ਼ੇ ਦੀ ਵਰਤੋਂ ਕਰ ਨਸ਼ੇ ਦੇ ਆਦੀ ਨਾ ਬਨਣ ਅਤੇ ਇਸ ਤਰ੍ਹਾ ਆਪਣਾ ਪਰਿਵਾਰ ਨਾ ਉਜਾੜਨ।



