‘ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

ਸੰਗਰੂਰ/ਪਟਿਆਲਾ/ਸ੍ਰੀ ਫਤਹਿਗੜ੍ਹ ਸਾਹਿਬ, 9 ਮਈ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤੀ ਨਾਲ ਨਿਪਟਣ ਅਤੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਵਾਲਾ ਮਾਹੌਲ ਮਹਿਫੂਜ਼ ਰੱਖਣ ਲਈ ਆਪਣੇ ਦ੍ਰਿੜ੍ਹ ਸੰਕਲਪ…

‘ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

ਸੰਗਰੂਰ/ਪਟਿਆਲਾ/ਸ੍ਰੀ ਫਤਹਿਗੜ੍ਹ ਸਾਹਿਬ, 9 ਮਈ

ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤੀ ਨਾਲ ਨਿਪਟਣ ਅਤੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਵਾਲਾ ਮਾਹੌਲ ਮਹਿਫੂਜ਼ ਰੱਖਣ ਲਈ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚਾਰ ਰੋਜ਼ਾ ‘ਸ਼ੁਕਰਾਨਾ ਯਾਤਰਾ’ ਦੌਰਾਨ ਪਿਆਰ, ਸਨੇਹ ਅਤੇ ਅਪਣੱਤ ਦਿਖਾਉਣ ਲਈ ਪੰਜਾਬ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। 6 ਮਈ ਨੂੰ ਖਾਲਸੇ ਦੀ ਜਨਮ ਭੂਮੀ ਤੋਂ ਸ਼ੁਰੂ ਹੋਈ ‘ਸ਼ੁਕਰਾਨਾ ਯਾਤਰਾ’ ਅੱਜ ਪਵਿੱਤਰ ਨਗਰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਈ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਪੰਜਾਬੀਆਂ ਨੂੰ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਹੈ।

‘शुक्राना यात्रा’ में लाखों संगतों ने शिरकत करके बेअदबी विरोधी ऐतिहासिक कानून के लिए अकाल पुरख का धन्यवाद किया-भगवंत सिंह मान
‘शुक्राना यात्रा’ में लाखों संगतों ने शिरकत करके बेअदबी विरोधी ऐतिहासिक कानून के लिए अकाल पुरख का धन्यवाद किया-भगवंत सिंह मान

ਉਨ੍ਹਾਂ ਕਿਹਾ ਕਿ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਸੀ। ਦੂਜੇ ਦਿਨ ਯਾਤਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ, ਉਸ ਤੋਂ ਬਾਅਦ ਤੀਜੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਅੱਗੇ ਕਿਹਾ ਕਿ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਯਾਤਰਾ ਹੁਣ ਸਮਾਪਤ ਹੋ ਗਈ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯਾਤਰਾ ਦੌਰਾਨ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਨੇ ਸਰਕਾਰ ਨੂੰ ਹੋਰ ਵੀ ਜ਼ਿਆਦਾ ਹਲੀਮੀ, ਲੋਕਾਂ ਦੀਆਂ ਇੱਛਾਵਾਂ ਪ੍ਰਤੀ ਜ਼ਿੰਮੇਵਾਰੀ ਅਤੇ ਉਨ੍ਹਾਂ ਦੇ ਹੁਕਮਾਂ ਪ੍ਰਤੀ ਜਵਾਬਦੇਹੀ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ, “ਪੰਜਾਬੀ ਆਪਣੀ ਸਰਕਾਰ ਵੱਲੋਂ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਲਾਗੂ ਕਰਨ ਤੋਂ ਬਹੁਤ ਖੁਸ਼ ਹਨ, ਜਿਸ ਵਿੱਚ ਬੇਅਦਬੀ ਦੇ ਵਿਰੁੱਧ ਸਖ਼ਤ ਸਜ਼ਾ ਦੀ ਵਿਵਸਥਾ ਹੈ।”

Millions join ‘Shukrana Yatra’ as Punjab thanks Almighty for historic anti-beadbi law: CM Bhagwant Singh Mann
Millions join ‘Shukrana Yatra’ as Punjab thanks Almighty for historic anti-beadbi law: CM Bhagwant Singh Mann

ਪਿੰਡ-ਪਿੰਡ ਜਾ ਕੇ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨਾਲ ਹੁਣ ਕਰੜੇ ਹੱਥੀਂ ਨਜਿੱਠਿਆ ਜਾਵੇਗਾ ਅਤੇ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਬੇਅਦਬੀ ਨੂੰ ਰੋਕਣ ਲਈ ਕਾਨੂੰਨ ਬਣਾਉਣ ਦਾ ਨਾ ਤਾਂ ਇਰਾਦਾ ਸੀ ਅਤੇ ਨਾ ਹੀ ਇੱਛਾ ਸ਼ਕਤੀ, ਜਿਸ ਕਾਰਨ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਰ-ਵਾਰ ਹੁੰਦੀ ਰਹੀ। ਉਨ੍ਹਾਂ ਕਿਹਾ, “ਹੁਣ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਇਤਿਹਾਸਕ ਐਕਟ ਇਸ ਨਾ-ਮੁਆਫ਼ੀਯੋਗ ਅਪਰਾਧ ਨੂੰ ਖਤਮ ਕਰ ਦੇਵੇਗਾ ਕਿਉਂਕਿ ਕੋਈ ਵੀ ਦੁਬਾਰਾ ਅਜਿਹੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਹੀਂ ਕਰੇਗਾ।”

ਅਕਾਲੀ ਲੀਡਰਸ਼ਿਪ ‘ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਭਰ ਵਿੱਚ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਨਿਰਦੋਸ਼ ਲੋਕਾਂ ‘ਤੇ ਗੋਲੀਬਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਅਕਾਲੀਆਂ ‘ਤੇ “ਪੀੜ੍ਹੀਆਂ ਦੀ ਨਸਲਕੁਸ਼ੀ” ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਕਾਰੋਬਾਰ ਨੂੰ ਉਨ੍ਹਾਂ ਦੇ ਸ਼ਾਸਨ ਦੌਰਾਨ ਸਰਪ੍ਰਸਤੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਲੰਬੇ ਕੁਸ਼ਾਸਨ ਦੌਰਾਨ ਇਹ ਵਧਿਆ-ਫੁੱਲਿਆ ਸੀ। ਉਨ੍ਹਾਂ ਕਿਹਾ, “ਉਨ੍ਹਾਂ ਆਗੂਆਂ ਦੇ ਹੱਥ ਲੱਖਾਂ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਜੋ ਸਰਕਾਰੀ ਵਾਹਨਾਂ ਰਾਹੀਂ ਵੀ ਸੂਬੇ ਵਿੱਚ ਸਪਲਾਈ ਕੀਤੇ ਜਾਂਦੇ ਨਸ਼ਿਆਂ ਦਾ ਸ਼ਿਕਾਰ ਹੋ ਗਏ ਸਨ।”
ਮੁੱਖ ਮੰਤਰੀ ਨੇ ਕਿਹਾ,”ਇਹ ਪਾਪ ਮੁਆਫ਼ ਕਰਨ ਯੋਗ ਨਹੀਂ ਹਨ ਅਤੇ ਪੰਜਾਬੀ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।” ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਗੁਰਬਾਣੀ ਦੇ ਨਾਮ ‘ਤੇ ਵਾਰ-ਵਾਰ ਵੋਟਾਂ ਮੰਗਣ ਦੇ ਬਾਵਜੂਦ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

‘शुक्राना यात्रा’ में लाखों संगतों ने शिरकत

ਅਕਾਲੀ ਸ਼ਾਸਨ ਦੌਰਾਨ ਵਿਕਾਸ ਬਾਰੇ ਸਾਬਕਾ ਉਪ ਮੁੱਖ ਮੰਤਰੀ ਦੇ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੋਟਕਪੂਰਾ, ਬਹਿਬਲ ਕਲਾਂ ਅਤੇ ਹੋਰ ਬੇਅਦਬੀ ਦੀਆਂ ਘਟਨਾਵਾਂ ਦੁਖਾਂਤ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਜਿੱਥੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਆਪਣੇ ਜ਼ਾਲਮ ਸ਼ਾਸਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਆਮ ਲੋਕਾਂ ‘ਤੇ ਜ਼ੁਲਮ ਢਾਹੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਵਿੱਚ ਮਾਫੀਏ ਨੂੰ ਸਰਪ੍ਰਸਤੀ ਦਿੱਤੀ ਅਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਰਾਹੀਂ ਪੀੜ੍ਹੀਆਂ ਬਰਬਾਦ ਕੀਤੀਆਂ। ਸੁਖਬੀਰ ਬਾਦਲ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, “ਅਕਾਲੀਆਂ ਦਾ ਲੋਕਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਹੁਣ ਰੈਲੀਆਂ ਵਿੱਚ ਭੀੜ ਜੁਟਾਉਣ ਲਈ ਭਾੜੇ ਉਤੇ ਲਿਆਂਦੇ ਵਰਕਰਾਂ ‘ਤੇ ਨਿਰਭਰ ਹੋ ਗਏ ਹਨ। ਹਰ ਅਕਾਲੀ ਰੈਲੀ ਵਿੱਚ ਉਹੀ ਭੀੜ ਦੇਖੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ 25 ਸਾਲ ਪੰਜਾਬ ‘ਤੇ ਰਾਜ ਕਰਨਗੇ, ਹੁਣ ਉਨ੍ਹਾਂ ਨੂੰ ਸੂਬੇ ਦੇ ਸੂਝਵਾਨ ਤੇ ਬਹਾਦਰ ਲੋਕਾਂ ਨੇ ਰਾਜਨੀਤਿਕ ਤੌਰ ‘ਤੇ ਰੱਦ ਕਰ ਦਿੱਤਾ ਹੈ।”

‘शुक्राना यात्रा’ में लाखों संगतों ने शिरकत

ਅਕਾਲੀ ਲੀਡਰਸ਼ਿਪ ‘ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਮੌਕਾਪ੍ਰਸਤ ਆਗੂਆਂ ਨੇ ਆਪਣੀ ਸਹੂਲਤ ਅਤੇ ਸਿਆਸੀ ਹਿੱਤਾਂ ਮੁਤਾਬਕ ਗਿਰਗਿਟ ਵਾਂਗ ਰੰਗ ਬਦਲੇ। ਉਨ੍ਹਾਂ ਦੱਸਿਆ ਕਿ ਬੇਅਦਬੀ ਲਈ ਜ਼ਿੰਮੇਵਾਰ ਲੋਕ ਇੱਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਜੁਰਮ ਜਨਤਕ ਤੌਰ ‘ਤੇ ਕਬੂਲੇ ਸਨ ਪਰ ਬਾਅਦ ਵਿੱਚ ਜਦੋਂ ਇਹ ਉਨ੍ਹਾਂ ਦੇ ਸਿਆਸੀ ਮਨਸੂਬਿਆਂ ਦੇ ਫਿੱਟ ਨਹੀਂ ਬੈਠਾ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਪਲਟੀ ਮਾਰ ਲਈ। ਉਨ੍ਹਾਂ ਕਿਹਾ, “ਪੰਜਾਬ ਇਨ੍ਹਾਂ ਆਗੂਆਂ ਦੇ ਅਸਲੀ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ ਜਿਨ੍ਹਾਂ ਨੇ ਵਾਰ-ਵਾਰ ਆਪਣੀਆਂ ਸੌੜੀਆਂ ਸਿਆਸੀ ਚਾਲਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ।”

‘शुक्राना यात्रा’ में लाखों संगतों ने शिरकत

ਮੁੱਖ ਮੰਤਰੀ ਨੇ ਕਿਹਾ ਕਿ ਉਹੀ ਲੋਕ ਜਿਨ੍ਹਾਂ ਨੂੰ ਕਦੇ ਅਜੇਤੂ ਮੰਨਿਆ ਜਾਂਦਾ ਸੀ ਪਰ ਅੱਜ ਉਨ੍ਹਾਂ ਨੂੰ ਆਪਣੀ ਪਾਰਟੀ ਲਈ ਕਮੇਟੀ ਬਣਾਉਣ ਵਾਸਤੇ ਪੰਜ ਮੈਂਬਰ ਵੀ ਨਹੀਂ ਮਿਲ ਰਹੇ। ਉਨ੍ਹਾਂ ਪੰਜਾਬੀਆਂ ਨੂੰ ਯਾਦ ਦਿਵਾਇਆ ਕਿ ਇਨ੍ਹਾਂ ਆਗੂਆਂ ਨੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਨਸ਼ਾ ਤਸਕਰਾਂ ਨੂੰ ਸ਼ਰਨ ਦਿੱਤੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਸੁੱਟ ਦਿੱਤਾ। ਉਨ੍ਹਾਂ ਕਿਹਾ, “ਲੋਕਾਂ ਨੇ ਉਨ੍ਹਾਂ ‘ਤੇ ਵਾਰ-ਵਾਰ ਭਰੋਸਾ ਕੀਤਾ ਪਰ ਉਨ੍ਹਾਂ ਨੇ ਹਰ ਵਾਰ ਪੰਜਾਬ ਅਤੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਧਰਮ ਦੀ ਦੁਰਵਰਤੋਂ ਕੀਤੀ ਅਤੇ ਇਸ ਲਈ ਲੋਕਾਂ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ, “ਆਪ ਸਰਕਾਰ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਇਸ ਇਤਿਹਾਸਕ ਕਾਨੂੰਨ ਨੂੰ ਲਾਗੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਨਾਲ ਭਵਿੱਖ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਸਥਾਈ ਤੌਰ ‘ਤੇ ਰੋਕਿਆ ਜਾ ਸਕੇਗਾ।” ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਉਦੇਸ਼ ਨਾਲ ਰਚੀ ਗਹਿਰੀ ਸਾਜ਼ਿਸ਼ ਦੱਸਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਲਈ ਮਿਸਾਲੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਭਵਿੱਖ ਵਿੱਚ ਇੱਕ ਸ਼ਕਤੀਸ਼ਾਲੀ ਰੋਕਥਾਮ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪਿਤਾ ਵਾਂਗ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਸਾਡਾ ਪਵਿੱਤਰ ਫਰਜ਼ ਹੈ।” ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਸਿੱਖ ਇਸ ਇਤਿਹਾਸਕ ਕਾਨੂੰਨ ਦੇ ਲਾਗੂ ਹੋਣ ‘ਤੇ ਬੇਹੱਦ ਖੁਸ਼ ਹਨ ਅਤੇ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਸ਼ੁਕਰਾਨਾ ਯਾਤਰਾ’ ਦਾ ਇੱਕੋ ਇੱਕ ਉਦੇਸ਼ ਇਸ ਵਿਸ਼ੇਸ਼ ਕਾਨੂੰਨ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਹਿੰਮਤ ਅਤੇ ਤਾਕਤ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ। ਵਧਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਆਗੂ ਗਰਮੀ ਦੇਖ ਕੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ ਉਨ੍ਹਾਂ ਦੇ ਉਲਟ ਉਹ ਹਮੇਸ਼ਾ ਲੋਕਾਂ ਦੀ ਭਲਾਈ ਲਈ ਉਨ੍ਹਾਂ ਨਾਲ ਵਿਚਰਦੇ ਹਨ।

‘ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

ਕਾਨੂੰਨ ਦੇ ਹੋ ਰਹੇ ਵਿਰੋਧ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਮੰਦਭਾਗਾ ਹੈ ਕਿ ਹੁਣ ਵੀ ਕੁਝ ਲੋਕ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਅਕਾਲੀ ਦਲ ਅਤੇ ਕਾਂਗਰਸ, ਦੋਵਾਂ ਨੇ ਕਾਨੂੰਨ ਨੂੰ ਰੱਦ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਪਰ ਹਾਈ ਕੋਰਟ ਨੇ ਨਾ ਸਿਰਫ਼ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸਗੋਂ ਉਨ੍ਹਾਂ ‘ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।” ਉਨ੍ਹਾਂ ਕਿਹਾ ਕਿ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਡਰ ਸੀ ਕਿ ਇਸ ਨਾਲ ਬੇਅਦਬੀ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬੇਨਕਾਬ ਹੋ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਬਾਬਾ ਨਾਨਕ ਦੇ ਨਾਮ ‘ਤੇ ਇਨ੍ਹਾਂ ਪਾਰਟੀਆਂ ‘ਤੇ ਭਰੋਸਾ ਕੀਤਾ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੇ ਪਵਿੱਤਰ ਗ੍ਰੰਥਾਂ ਨੂੰ ਸੜਕਾਂ ਅਤੇ ਕੂੜੇ ਦੇ ਢੇਰਾਂ ‘ਤੇ ਸੁੱਟ ਕੇ ਗੁਰਬਾਣੀ ਦਾ ਨਿਰਾਦਰ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਇਕੱਠਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਵੀ ਬਹਾਨਾ ਬਣਾਇਆ ਗਿਆ ਕਿ ਪੁਲਿਸ ਇਹ ਪਛਾਣ ਨਹੀਂ ਕਰ ਸਕੀ ਕਿ ਗੋਲੀਆਂ ਕਿਸਨੇ ਚਲਾਈਆਂ ਸਨ। ਉਨ੍ਹਾਂ ਅੱਗੇ ਕਿਹਾ, “ਇਸ ਸਭ ਦੇ ਬਾਵਜੂਦ ਉਹ ਲੋਕਾਂ ਵਿਚਕਾਰ ਬੇਸ਼ਰਮੀ ਨਾਲ ਘੁੰਮ ਰਹੇ ਹਨ।”

ਸੁਖਬੀਰ ਬਾਦਲ ‘ਤੇ ਇੱਕ ਹੋਰ ਚੁਟਕੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਅਜੇ ਵੀ ਮਾਣ ਨਾਲ ਕਹਿੰਦੇ ਹਨ ਕਿ “ਮੇਰੀ ਵਾਰੀ ਆਉਣ ਦਿਓ” ਪਰ ਭੁੱਲ ਜਾਂਦੇ ਹਨ ਕਿ ਅਕਾਲੀ ਦਲ ਨੂੰ ਪਹਿਲਾਂ ਹੀ ਪੰਜ ਵਾਰ ਸੂਬੇ ਦੇ ਲੋਕ ਸੱਤਾ ਦੇ ਚੁੱਕੇ ਹਨ ਅਤੇ ਪੰਜਾਬੀਆਂ ਨੇ ਉਨ੍ਹਾਂ ਦੇ ਸਾਰੇ ਮਾੜੇ ਕੰਮ ਦੇਖੇ ਹਨ। ਉਨ੍ਹਾਂ ਕਿਹਾ, “ਹੁਣ ਜੇਕਰ ਉਨ੍ਹਾਂ ਦੀ ਕੋਈ ਵਾਰੀ ਆਵੇਗੀ ਤਾਂ ਉਹ ਜੇਲ੍ਹ ਜਾਣ ਦੀ ਵਾਰੀ ਹੋਵੇਗੀ ਕਿਉਂਕਿ ਪੰਜਾਬੀ ਅਪਣੇ ਨਾਲ ਹੋਏ ਅਨਿਆਂ ਲਈ ਇਨਸਾਫ ਚਾਹੁੰਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਲੋਕਾਂ ਦਾ ਰਿਣੀ ਹਾਂ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਅਜਿਹਾ ਕਾਨੂੰਨ ਬਣਾਉਣ ਲਈ ਅਰਦਾਸ ਕੀਤੀ ਸੀ। ਯਾਤਰਾ ਦੌਰਾਨ ਲੋਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ, ਪਿਆਰ ਅਤੇ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਪੁਰਾਣੇ ਜ਼ਖ਼ਮ ਆਖਰਕਾਰ ਠੀਕ ਹੋਣੇ ਸ਼ੁਰੂ ਹੋ ਗਏ ਹਨ ਅਤੇ ਪੰਜਾਬੀ ਆਪਣੇ ਦਿਲਾਂ ਵਿੱਚ ਦੁਬਾਰਾ ਸ਼ਾਂਤੀ ਮਹਿਸੂਸ ਕਰ ਰਹੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਕੁਝ ਵਿਅਕਤੀ ਅਜੇ ਵੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਹ ਖੁਦ ਕਿਤੇ ਨਾ ਕਿਤੇ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ, “ਇਸ ਕਾਨੂੰਨ ਦਾ ਵਿਰੋਧ ਕਰਨ ਵਾਲਾ ਕੋਈ ਵੀ ਵਿਅਕਤੀ ਅਸਲ ਵਿੱਚ ਗੁਰੂ ਦਾ ਦੋਖੀ ਸਮਝਿਆ ਜਾਵੇਗਾ ਕਿਉਂਕਿ ਅਜਿਹੇ ਲੋਕ ਅਸਲ ਵਿੱਚ ਗੁਰੂ ਨੂੰ ਪਿਆਰ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਬੇਈਮਾਨੀ ਹੈ।”

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਵਾਪਸ ਲੈਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸਾਰੇ ਨਿਯਮ ਅਤੇ ਕਾਨੂੰਨ ਸੰਤ ਸਮਾਜ, ਉੱਘੇ ਸਿੱਖ ਵਕੀਲਾਂ ਅਤੇ ਦੇਸ਼ ਭਰ ਦੇ ਸੇਵਾ-ਮੁਕਤ ਜੱਜਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਬਣਾਏ ਗਏ ਹਨ। ਉਨ੍ਹਾਂ ਨੇ ਯਾਤਰਾ ਦੌਰਾਨ ਉਨ੍ਹਾਂ ਦਾ ਸਨਮਾਨ ਕਰਨ ਲਈ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਭਾਰੀ ਇਕੱਠ ਹੋਣ ਕਾਰਨ ਹੋਈ ਦੇਰੀ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਦੇਰ ਰਾਤ ਤੱਕ ਤੇਜ਼ ਗਰਮੀ ਵਿੱਚ ਖੜ੍ਹੇ ਰਹੇ ਜਿਸ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ।

ਪੰਜਾਬ ਵਿੱਚ ਈਡੀ ਦੀਆਂ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਪਿਆਰ ਨਹੀਂ ਕਰਦੀ ਅਤੇ ਪੰਜਾਬ ਨਾਲ ਗੁੱਸੇ ਵਾਲਾ ਵਤੀਰਾ ਅਪਣਾ ਰਹੀ ਹੈ ਕਿਉਂਕਿ ਉਸ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਕਾਨੂੰਨ ਵਾਪਸ ਲੈਣ ਨੂੰ ਆਪਣੀ ਨਿੱਜੀ ਹਾਰ ਸਮਝਿਆ ਜਿਸ ਕਾਰਨ ਹੁਣ ਸੂਬੇ ਵਿੱਚ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਬੀਬੀਐਮਬੀ, ਐਸਵਾਈਐਲ, ਹਰੀਕੇ ਨਹਿਰ, ਗਣਤੰਤਰ ਦਿਵਸ ਦੀਆਂ ਝਾਕੀਆਂ, ਆਰਡੀਐਫ ਫੰਡ ਅਤੇ ਸਰਹੱਦੀ ਖੇਤਰ ਦੀਆਂ ਗ੍ਰਾਂਟਾਂ ਸਮੇਤ ਕਈ ਮੁੱਦਿਆਂ ‘ਤੇ ਕੇਂਦਰ ਵੱਲੋਂ ਵਾਰ-ਵਾਰ ਬੇਇਨਸਾਫੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਤਕਰੇ ਦੇ ਬਾਵਜੂਦ, ਪੰਜਾਬ ਨੇ ਦੇਸ਼ ਦਾ ਢਿੱਡ ਭਰਨਾ ਜਾਰੀ ਰੱਖਿਆ ਹੈ ਅਤੇ ਇਸ ਸਾਲ ਵੀ ਕੇਂਦਰੀ ਪੂਲ ਵਿੱਚ ਉਮੀਦ ਨਾਲੋਂ ਵੱਧ ਕਣਕ ਦਾ ਯੋਗਦਾਨ ਪਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸਕ ਤੁਲਨਾ ਕਰਦਿਆਂ ਟਿੱਪਣੀ ਕੀਤੀ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਜਿਵੇਂ ਰਾਜਾ ਪੋਰਸ ਨੇ ਸਿਕੰਦਰ ਦੇ ਜੇਤੂ ਸਫਰ ਨੂੰ ਰੋਕਿਆ ਸੀ, ਉਸੇ ਤਰ੍ਹਾਂ ਜੇਕਰ ਉਨ੍ਹਾਂ ਦਾ ਪੰਜਾਬ ਵਿਰੁੱਧ ਬੇਇਨਸਾਫ਼ੀ ਅਤੇ ਜ਼ੁਲਮ ਜਾਰੀ ਰਿਹਾ ਪੰਜਾਬੀ ਵੀ ਭਾਜਪਾ ਦੇ “ਜੇਤੂ ਰੱਥ” ਨੂੰ ਰੋਕ ਦੇਣਗੇ,

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਨੂੰ ਸੂਬੇ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ,  “ਪੰਜਾਬ ਵਿੱਚ ਹਰ ਬੀਜ ਉੱਗ ਸਕਦਾ ਹੈ, ਸਿਵਾਏ ਨਫ਼ਰਤ ਦੇ ਬੀਜ ਦੇ।” ਉਨ੍ਹਾਂ ਕਿਹਾ, ” ਫੁੱਟ ਪਾਉਣੀ, ਦੰਗੇ, ਹਿੰਸਾ ਅਤੇ ਗੋਲੀਬਾਰੀ ਕਰਨਾ ਭਾਜਪਾ ਦਾ ਸਿਆਸੀ ਸੱਭਿਆਚਾਰ ਬਣ ਗਿਆ ਹੈ, ਪਰ ਪੰਜਾਬ ਕਦੇ ਵੀ ਫੁੱਟ ਪਾਉਣ ਅਤੇ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਵਰਗੀਆਂ ਸੌੜੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਵੇਗਾ ਕਿਉਂਕਿ ਪੰਜਾਬੀ ਇਸ ਫਿਰਕੂ ਪਾਰਟੀ ਦੇ ਅਸਲ ਚਰਿੱਤਰ ਤੋਂ ਭਲੀ-ਭਾਂਤ ਜਾਣੂ ਹਨ।”

ਮੁੱਖ ਮੰਤਰੀ ਨੇ ਅੱਗੇ ਟਿੱਪਣੀ ਕੀਤੀ ਕਿ ਕੁਝ ਲੋਕ ਦਾਅਵਾ ਕਰਦੇ ਹਨ ਕਿ ਆਈਐਸਆਈ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਤੰਨਜ਼ ਕੱਸਦਿਆਂ ਕਿਹਾ,”ਭਾਜਪਾ ਖੁਦ ਆਈਐਸਆਈ ਵਾਂਗ ਵਿਵਹਾਰ ਕਰ ਰਹੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਹਰਿਆਣਾ, ਮਨੀਪੁਰ, ਬੰਗਾਲ, ਮਹਾਰਾਸ਼ਟਰ, ਬਿਹਾਰ ਜਾਂ ਗੁਜਰਾਤ ਦੀ ਗੱਲ ਕਰੀਏ, ਪਰ ਭਾਜਪਾ ਦਾ ਰਿਕਾਰਡ ਉਹੀ ਰਿਹਾ। ਉਨ੍ਹਾਂ ਕਿਹਾ, “ਉਹ ਫਿਰਕੂ ਹਿੰਸਾ ਭੜਕਾਉਂਦੇ ਹਨ, ਦੰਗੇ ਕਰਵਾਉਂਦੇ ਹਨ ਅਤੇ ਫਿਰ ਲੋਕਾਂ ਦੇ ਖੂਨ ਨਾਲ ਹੋਲੀ ਖੇਡਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਸਿਆਸਤ ਪੰਜਾਬ ਵਿੱਚ ਕਦੇ ਵੀ ਨਹੀਂ ਚਲੇਗੀ ਕਿਉਂਕਿ ਸੂਬਾ ਪਹਿਲਾਂ ਹੀ ਅਨੇਕਾਂ ਦੁਖਾਂਤ ਝੱਲ ਚੁੱਕਾ ਹੈ।

ਐਕਸ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: “ਅੱਜ ਸ਼ਹੀਦਾਂ ਦੀ ਪਾਵਨ ਧਰਤੀ, ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸਾਡੀ ਚਾਰ ਦਿਨਾਂ ਦੀ ‘ਸ਼ੁਕਰਾਨਾ ਯਾਤਰਾ’ ਸਮਾਪਤ ਹੋਈ। ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਾਵਨ ਅਸਥਾਨਾਂ ਵਿੱਚੋਂ ਲੰਘੀ, ਇਸ ਦੌਰਾਨ ਅਸੀਂ ਉਸ ਵਾਹਿਗੁਰੂ ਦਾ ਧੰਨਵਾਦ ਕੀਤਾ ਜਿਸਨੇ ਸਾਨੂੰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਬਲ ਬਖ਼ਸ਼ਿਆ। ਅਤਿ ਦੀ ਗਰਮੀ ਦੇ ਬਾਵਜੂਦ ਸਾਡੇ ਨਾਲ ਖੜ੍ਹੇ ਹੋਣ ਲਈ ਸੰਗਤ ਦਾ ਦਿਲੋਂ ਧੰਨਵਾਦ।”

ਮੁੱਖ ਮੰਤਰੀ ਨੇ ਕਿਹਾ, “‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026’ ਨੂੰ ਹੁਣ ਰਾਜਪਾਲ ਦੀ ਸਹਿਮਤੀ ਮਿਲ ਗਈ ਹੈ। ਸਿੱਖ ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ, ਇਸ ਸਖ਼ਤ ਕਾਨੂੰਨ ਨਾਲ ਕੋਈ ਵੀ ਦੋਸ਼ੀ ਹੁਣ ਸਜ਼ਾ ਤੋਂ ਨਹੀਂ ਬਚ ਸਕੇਗਾ। ਕਾਨੂੰਨ ਨੂੰ ਵਾਪਸ ਲਏ ਜਾਣ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ ਹਨ। ਇਸ ਦਾ ਵਿਰੋਧ ਕਰਨ ਵਾਲੇ ਅਸਲ ਵਿੱਚ ਗੁਰੂ ਸਾਹਿਬ ਵਿਰੁੱਧ ਕੰਮ ਕਰ ਰਹੇ ਹਨ।”

ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ,”ਕੇਂਦਰ ਨੇ ਚੰਡੀਗੜ੍ਹ, ਐਸਵਾਈਐਲ, ਬੀਬੀਐਮਬੀ ਅਤੇ ਸਾਡੀਆਂ ਝਾਕੀਆਂ ਵਰਗੇ ਮੁੱਦਿਆਂ ‘ਤੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਰਵੱਈਆ ਅਪਣਾਇਆ ਹੈ ਅਤੇ ਇਸ ਦੇ ਨਾਲ ਹੀ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਰਾਹੀਂ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ। ਪਰ ਇਹ ਯਾਦ ਰੱਖੋ: ਪੰਜਾਬ ਦੀ ਧਰਤੀ ‘ਤੇ ਹਰ ਬੀਜ ਉੱਗ ਸਕਦਾ ਹੈ, ਸਿਵਾਏ ਨਫ਼ਰਤ ਦੇ ਬੀਜ ਦੇ। “ਤੁਹਾਡਾ ਲੋਕ ਸੇਵਕ” ਹਮੇਸ਼ਾ ਪੰਜਾਬ ਦੇ ਮਾਣ, ਸ਼ਾਨ ਅਤੇ ਹੱਕਾਂ ਦੀ ਰਾਖੀ ਲਈ ਮਜ਼ਬੂਤੀ ਨਾਲ ਖੜ੍ਹਾ ਰਹੇਗਾ।”

ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਆਪਣੀ ਯਾਤਰਾ ਦੌਰਾਨ ਇੱਕ ਹੋਰ ਪੋਸਟ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: ” ‘ਸ਼ੁਕਰਾਨਾ ਯਾਤਰਾ’ ਦੌਰਾਨ ਅੱਜ ਮੈਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ‘ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਜੋ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਕੁਰਬਾਨੀਆਂ ਦਾ ਗਵਾਹ ਹੈ। ਇਹ ਉਹੀ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਬੈਠ ਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਸੱਚ ਦੇ ਮਾਰਗ ‘ਤੇ ਡਟ ਕੇ ਖੜ੍ਹਨ ਦੀ ਤਾਕਤ ਦਿੱਤੀ ਸੀ।”

ਉਨ੍ਹਾਂ ਅੱਗੇ ਲਿਖਿਆ, “ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ-ਆਪ ਨੂੰ ਕੰਧਾਂ ਵਿੱਚ ਜਿੰਦਾ ਚਿਣਵਾਏ ਜਾਣਾ ਸਵੀਕਾਰ ਕਰ ਲਿਆ, ਪਰ ਜ਼ੁਲਮ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਬੇਮਿਸਾਲ ਵਿਰਾਸਤ ਤੋਂ ਪ੍ਰੇਰਿਤ ਹੋ ਕੇ, ਸਾਡੀ ਸਰਕਾਰ ਨੇ ਪੰਜਾਬ ਵਿੱਚ ਬੇਅਦਬੀ ਦੀ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਲਈ ਇੱਕ ਸਖ਼ਤ ਕਾਨੂੰਨ ਬਣਾਇਆ ਹੈ।”

ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ,“ਜਿਸ ਧਰਤੀ ‘ਤੇ ਸਾਹਿਬਜ਼ਾਦਿਆਂ ਨੇ ਵਿਸ਼ਵਾਸ ਅਤੇ ਧਰਮ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਉਸ ਪਾਵਨ ਧਰਤੀ ‘ਤੇ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਨੂੰ ਮੁਆਫ਼ ਕਰਨਾ ਸਭ ਤੋਂ ਵੱਡਾ ਪਾਪ ਹੋਵੇਗਾ। ਅਸੀਂ ਇੰਨਾ ਸਖ਼ਤ ਕਾਨੂੰਨ ਲਿਆਏ ਹਾਂ ਕਿ ਕੋਈ ਵੀ ਪੰਜਾਬ ਦੀ ਭਾਈਚਾਰਕ ਸਾਂਝ ਜਾਂ ਕਿਸੇ ਧਾਰਮਿਕ ਗ੍ਰੰਥ ‘ਤੇ ਬੁਰੀ ਨਜ਼ਰ ਪਾਉਣ ਦੀ ਹਿੰਮਤ ਨਹੀਂ ਕਰੇਗਾ।”
*ਪੰਜਾਬ ਭਰ ਵਿੱਚ ‘ਸ਼ੁਕਰਾਨਾ ਯਾਤਰਾ’ ਦੌਰਾਨ ਮਿਲਿਆ ਭਾਰੀ ਜਨਤਕ ਹੁੰਗਾਰਾ*
ਚਾਰ ਦਿਨਾਂ ਦੀ ‘ਸ਼ੁਕਰਾਨਾ ਯਾਤਰਾ’ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਭਗ ਸਮੁੱਚੇ ਰਾਜ ਵਿੱਚ ਯਾਤਰਾ ਕੀਤੀ ਅਤੇ ਹਰੇਕ ਸਥਾਨ ‘ਤੇ ਉਨ੍ਹਾਂ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਤ ਅਤੇ ਸਥਾਨਕ ਵਾਸੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ, ਹਜ਼ਾਰਾਂ ਲੋਕ ਪੂਰੀ ਉਤਸ਼ਾਹ ਅਤੇ ਸ਼ਰਧਾ ਨਾਲ ਸਵਾਗਤ ਕਰਨ ਲਈ ਸੜਕਾਂ ਦੇ ਕਿਨਾਰੇ ਇਕੱਠੇ ਹੋਏ ਸਨ ਅਤੇ ਸੂਬਾ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦੇ ਹਾਰ ਪਾਏ ਗਏ, ਸਿਰੋਪੇ ਬਖਸ਼ਿਸ਼ ਕੀਤੇ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲੇ ਦਿਨ ਭਰਤਗੜ੍ਹ, ਰੋਪੜ, ਬਲਾਚੌਰ, ਬੰਗਾ ਅਤੇ ਫਗਵਾੜਾ ਵਿੱਚੋਂ ਗੁਜ਼ਰੀ। ਦੂਜੇ ਦਿਨ ਯਾਤਰਾ ਜਲੰਧਰ ਤੋਂ ਆਦਮਪੁਰ, ਕਰਤਾਰਪੁਰ, ਬਾਬਾ ਬਕਾਲਾ, ਰਈਆ, ਜੰਡਿਆਲਾ, ਅੰਮ੍ਰਿਤਸਰ ਦੱਖਣੀ, ਪੂਰਬੀ ਅਤੇ ਮੱਧ, ਪੱਟੀ, ਜ਼ੀਰਾ, ਫਿਰੋਜ਼ਪੁਰ ਦਿਹਾਤੀ, ਫਰੀਦਕੋਟ ਅਤੇ ਕੋਟਕਪੂਰਾ ਤੋਂ ਹੁੰਦੀ ਹੋਈ ਭੁੱਚੋ ਮੰਡੀ ਤੋਂ ਬਠਿੰਡਾ ਪਹੁੰਚੀ। ਤੀਜੇ ਦਿਨ ਇਹ ਯਾਤਰਾ ਬਠਿੰਡਾ, ਕੋਟਸ਼ਮੀਰ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸਮਾਪਤ ਹੋਈ। ਅੱਜ ਇਹ ਯਾਤਰਾ ਸੰਗਰੂਰ ਤੋਂ ਸਮਾਣਾ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਦਿਹਾਤੀ ਤੋਂ ਹੁੰਦੀ ਹੋਈ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

NATIONAL LOK ADALAT  ORGANIZED ACROSS PUNJAB, 399 LOK ADALAT BENCHES CONSTITUTED

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *