ਜਲਾਲਾਬਾਦ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਵਾਪਰੇ ਭਿਆਨਕ ਹਾਦਸੇ, ਜਿਸ ਵਿੱਚ ਨਦੀ ਵਿੱਚ ਡੁੱਬਣ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਦੀ ਗੂੰਜ ਹੁਣ ਪੰਜਾਬ ਦੇ ਜਲਾਲਾਬਾਦ ਵਿੱਚ ਵੀ ਸੁਣਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਇਸ ਮੰਦਭਾਗੀ ਘਟਨਾ ਵਿੱਚ ਜਲਾਲਾਬਾਦ ਦਾ ਰਹਿਣ ਵਾਲਾ ਪੰਕਜ ਮਲਹੋਤਰਾ ਵੀ ਸ਼ਿਕਾਰ ਹੋਇਆ ਹੈ। ਪੰਕਜ ਆਪਣੇ ਜਗਰਾਉਂ ਨਿਵਾਸੀ ਮਾਸੀ-ਮਾਸੜ ਨਾਲ ਮਥੁਰਾ ਦੇ ਦਰਸ਼ਨਾਂ ਲਈ ਗਿਆ ਸੀ। ਜਿੱਥੇ ਉਸਦੇ ਮਾਸੀ ਅਤੇ ਮਾਸੜ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਹਨ, ਉੱਥੇ ਹੀ ਪੰਕਜ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ।
ਘਰ ਦਾ ਇਕਲੌਤਾ ਸਹਾਰਾ ਸੀ ਪੰਕਜ
ਪੰਕਜ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਜਲਾਲਾਬਾਦ ਸਥਿਤ ਉਸ ਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਪੰਕਜ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਪੂਰੇ ਪਰਿਵਾਰ ਦਾ ਵਾਹਿਦ ਸਹਾਰਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਹੈ। ਪੰਕਜ ਦੇ ਮੋਢਿਆਂ ‘ਤੇ ਨਾ ਸਿਰਫ਼ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸੀ, ਸਗੋਂ ਉਸ ਦੀਆਂ ਦੋ ਛੋਟੀਆਂ ਭੈਣਾਂ ਦੇ ਭਵਿੱਖ ਦਾ ਭਾਰ ਵੀ ਉਸੇ ਸਿਰ ਸੀ।
ਮਦਦ ਲਈ ਗੁਹਾਰ ਲਗਾ ਰਿਹਾ ਪੀੜਤ ਪਰਿਵਾਰ
ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਕਜ ਦੇ ਜਾਣ ਨਾਲ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਬੁਝ ਗਿਆ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਅੱਗੇ ਗੁਜ਼ਾਰਾ ਕਿਵੇਂ ਕਰਨਗੇ। ਜਿੱਥੇ ਪ੍ਰਸ਼ਾਸਨ ਵੱਲੋਂ ਨਦੀ ਵਿੱਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ, ਉੱਥੇ ਹੀ ਪੰਕਜ ਦੇ ਪਰਿਵਾਰ ਨੂੰ ਅਜੇ ਵੀ ਕਿਸੇ ਚਮਤਕਾਰ ਦੀ ਉਮੀਦ ਹੈ, ਹਾਲਾਂਕਿ ਮਾਸੀ-ਮਾਸੜ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ।



