ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਫਿਲਮ ਡੈਡੀ ਕੂਲ ਮੁੰਡੇ ਫੂਲ ਤਾਂ ਤੁਸੀ ਦੇਖੀ ਹੋਵੇਗੀ, ਜੇਕਰ ਨਹੀਂ ਦੇਖੀ ਤਾਂ ਜ਼ਰੂਰ ਦੇਖਿਉ। ਇਸ ਫਿਲਮ ਵਿੱਚ ਪਿਤਾ ਦੇ ਕਿਰਦਾਰ ਵਿੱਚ ਜਸਵਿੰਦਰ ਭੱਲਾ ਅਤੇ ਮਾਂ ਦੇ ਕਿਰਦਾਰ ਵਿੱਚ ਅਮਰ ਨੂਰੀ ਜੋ ਕਾਲਜ ਸਮੇਂ ਆਪਸ ਵਿੱਚ ਪਿਆਰ ਕਰਦੇ ਹੁੰਦੇ ਹਨ, ਜਵਾਨੀ ਦੇ ਦਿਨਾਂ ਵਿੱਚ ਦੋਵੇਂ ਕਿਸੇ ਕਾਰਨ ਆਪਸ ਵਿੱਚ ਵਿਆਹ ਨਹੀ ਕਰਵਾ ਪਾਉਂਦੇ, ਪਰ ਜਦੋਂ ਉਨ੍ਹਾਂ ਦੇ ਧੀਆਂ-ਪੁੱਤਾਂ ਦੇ ਵਿਆਹ ਦੀ ਵਾਰੀ ਆਉਂਦੀ ਹੈ ਤਾਂ ਦੋਵੇਂ ਆਪਸ ਵਿੱਚ ਵਿਆਹ ਕਰਵਾਉਣ ਦੀ ਸੋਚਦੇ ਹਨ।
ਕੁਝ ਇਸੇ ਤਰ੍ਹਾਂ ਦਾ ਹੀ ਵਾਪਰਿਆ ਗੁਜਰਾਤ ਦੇ ਸੂਰਤ ਵਿੱਚ ਜਿੱਥੇ ਫਰਵਰੀ ਵਿੱਚ ਤਾਂ ਲੜਕੇ-ਲੜਕੀ ਦਾ ਵਿਆਹ ਹੋਣਾ ਤੈਅ ਹੋਇਆ ਸੀ ਪਰ ਵਿਆਹ ਹੋਣ ਤੋਂ ਪਹਿਲਾਂ ਹੀ ਲੜਕੇ ਦਾ ਪਿਤਾ ਲੜਕੇ ਦੀ ਮਾਂ ਨੂੰ ਭੱਜਾ ਕੇ ਲੈ ਗਿਆ। ਬੇਸ਼ਕ ਹਾਲੇ ਇਹ ਸ਼ਪਸ਼ਟ ਨਹੀਂ ਹੋਇਆ ਕਿ, ਸੱਚਮੁੱਚ ਲੜਕੇ ਦਾ ਪਿਤਾ ਹੀ ਲੜਕੀ ਦੀ ਮਾਂ ਨੂੰ ਭਜਾ ਕੇ ਲੈ ਗਿਆ ਹੈ ਜਾਂ ਨਹੀਂ ਪਰ ਮੰਨਿਆ ਏਹੀ ਜਾ ਰਿਹਾ ਹੈ।
ਦੱਸ ਦਈਏ ਕਿ ਸੂਰਤ ਦੇ ਕਾਟਰਗਾਮ ਦੇ ਰਹਿਣ ਵਾਲੇ ਇਕ ਲੜਕੇ ਦਾ ਵਿਆਹ ਨਵਸਾਰੀ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਣਾ ਤੈਅ ਹੋਇਆ ਸੀ। ਦੋਨਾਂ ਦੀ ਮੰਗਣੀ ਕਰੀਬ ਸਾਲ ਪਹਿਲਾਂ ਹੋਈ ਸੀ ਅਤੇ ਇਸੇ ਸਾਲ 2020 ਦੇ ਫਰਵਰੀ ਵਿੱਚ ਦੋਵਾਂ ਦਾ ਵਿਆਹ ਹੋਣਾ ਤੈਅ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਹੀ ਲੜਕੇ ਦਾ ਪਿਤਾ ਅਤੇ ਲੜਕੀ ਦੀ ਮਾਂ ਘਰੋਂ ਗਾਇਬ ਹੋ ਗਏ। ਦੋਵਾਂ ਪਰਿਵਾਰਾਂ ਨੇ ਪੁਲਿਸ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਫਿਰ ਇਹ ਸਾਹਮਣੇ ਆਇਆ ਕਿ, ਲੜਕੇ ਦੇ ਪਿਤਾ ਅਤੇ ਲੜਕੀ ਦੀ ਮਾਂ ਦੋਵੇਂ ਇੱਕੋ ਦਿਨ ਹੀ ਲਾਪਤਾ ਹੋਏ ਹਨ। ਇਸ ਕਾਰਨ ਦੋਵਾਂ ਦੇ ਕਿਧਰੇ ਹੋਰ ਜਾ ਕੇ ਵਿਆਹ ਕਰਵਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਫਿਲਹਾਲ ਲੜਕੇ ਦੇ ਪਿਤਾ ਅਤੇ ਲੜਕੀ ਦੀ ਮਾਂ ਬਾਰੇ ਹਾਲੇ ਤੱਕ ਕੋਈ ਪਤਾ ਨਹੀ ਲੱਗ ਸਕਿਆ ਹੈ।


