ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਗਭਗ 68 ਸਾਲਾਂ ਤੋਂ ਬਾਅਦ ਆਖਿਰਕਾਰ ਚੰਡੀਗੜ੍ਹ ਵਾਸੀਆਂ ਨੂੰ ਸੈਕਟਰ -13 ਮਿਲ ਗਿਆ ਹੈ। ਮਨੀਮਾਜਰਾ ਨੂੰ ਹੁਣ ਸਿਟੀ ਬਿਊਟੀਫੂਲ ਦੇ ਸੈਕਟਰ-13 ਦੇ ਨਾਮ ਨਾਲ ਜਾਣਿਆ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਕੁੱਲ੍ਹ ਅੱਠ ਥਾਵਾਂ ਦੇ ਨਾਮ ਬਦਲ ਕੇ ਉਨ੍ਹਾਂ ਨੂੰ ਸੈਕਟਰਾਂ ਦੇ ਵਿਚ ਤਬਦੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸਾਰੰਗਪੁਰ ਨੂੰ ਹੁਣ 12 ਸੈਕਟਰ ਵੈਸਟ ਦੇ ਨਾਮ ਨਾਲ ਜਾਣਿਆ ਜਾਵੇਗਾ ਜਦਕਿ ਮਲੋਆ ਅਤੇ ਡੱਡੂਮਾਜਰਾ ਨੂੰ ਸੈਕਟਰ 39 ਵੈਸਟ ਦਾ ਨਾਮ ਦਿੱਤਾ ਗਿਆ ਹੈ। ਪੋਕਟ ਨੰਬਰ 7 ਵਿਕਾਸ ਮਾਰਗ ਦਾ ਏਰੀਆ ਹੁਣ ਸੈਕਟਰ 56 ਵੈਸਟ ਹੋਵੇਗਾ। ਇਸੇ ਤਰੀਕੇ ਨਾਲ ਇੰਡਸਟਰੀਅਲ ਏਰੀਆ ਦੇ ਵੀ 3 ਫੇਸ 1,2 ਅਤੇ 3 ਹੋਣਗੇ। ਬਿਜ਼ਨੇਸ ਐਂਡ ਇੰਡਸਟਰੀਅਲ ਪਾਰਕ ਹੁਣ 1,2 ਅਤੇ 3 ਫੇਸ ਹੋਣਗੇ।
ਚੰਡੀਗੜ੍ਹ ਦੇ ਸੈਕਟਰ 13 ਬਨਣ ਦੇ ਨਾਲ ਇੱਥੋਂ ਦੇ ਲੋਕਾਂ ਨੇ ਵੀ ਆਪੋ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁੱਝ ਵਸਨੀਕਾਂ ਨੇ ਇਸ ਨੂੰ ਵਧੀਆ ਕਦਮ ਕਰਾਰ ਦਿੱਤਾ ਉੱਥੇ ਹੀ ਕਈ ਲੋਕ ਇਹ ਕਹਿੰਦੇ ਨਜ਼ਰ ਆਏ ਕਿ ਮਨੀਮਾਜਰਾ ਪੁਰਾਣਾ ਅਤੇ ਇਤਿਹਾਸ ਨਾਲ ਜੁੜਿਆ ਨਾਮ ਹੈ ਅਤੇ ਉਨ੍ਹਾਂ ਨੂੰ ਇਹੀ ਨਾਮ ਵਧੀਆ ਲੱਗਦਾ ਹੈ।
ਚੰਡੀਗੜ੍ਹ ਦਾ ਸੈਕਟਰ-13 ਪਹਿਲਾਂ ਮਨੀਮਾਜਰਾ ਕਹਿਲਾਉਂਦਾ ਸੀ । ਚੰਡੀਗੜ੍ਹ ਸ਼ਹਿਰ ਨੂੰ ਵਸਾਉਣ ਤੋਂ ਪਹਿਲਾਂ ਇਸ ਦੇ ਨਕਸ਼ਾ ਬਨਾਉਣ ਵਾਲੇ ਫਰਾਂਸੀ ਆਰਕੀਟੈਕਟ ਲੀ ਕੋਰਬੁਸੀਅਰ ਨੇ 13 ਅੰਕ ਨੂੰ ਅਸ਼ੁੱਭ ਮੰਨਿਆ ਸੀ ਅਤੇ ਸੈਕਟਰ-13 ਵਿਚ ਇਸ ਨੂੰ ਸ਼ਾਮਲ ਨਹੀਂ ਕੀਤਾ ਸੀ। ਚੰਡੀਗੜ੍ਹ ਦੀ ਨੀਂਹ ਪੱਥਰ 1952 ਵਿਚ ਰੱਖਿਆ ਗਿਆ ਸੀ ਅਤੇ ਇਹ ਲਗਭਗ 1960 ਵਿਚ ਬਣ ਕੇ ਤਿਆਰ ਹੋ ਗਿਆ ਸੀ ਅਤੇ ਹੁਣ 1952 ਤੋਂ ਲੈ ਕੇ 2020 ਵਿਚ ਭਾਵ 68 ਸਾਲਾਂ ਬਾਅਦ ਚੰਡੀਗੜ੍ਹ ਦਾ ਸੈਕਟਰ-13 ਬਣਾਇਆ ਗਿਆ ਹੈ।


