ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਹੋਏ ਇੱਕ ਤਾਜ਼ਾ ਮੁਕਾਬਲੇ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਕੇਸ਼ਵ ਸ਼ਿਵਾਲਾ ਗੈਂਗ ਦੇ ਚਾਰ ਖਤਰਨਾਕ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਤਿੰਨ ਸ਼ੂਟਰ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਏ। ਇਸ ਸਫਲ ਆਪਰੇਸ਼ਨ ਨਾਲ ਇਲਾਕੇ ਵਿੱਚ ਹੋਣ ਵਾਲੀ ਕਿਸੇ ਵੱਡੀ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਮਾਮਲੇ ਦੀ ਸ਼ੁਰੂਆਤ ਇੱਕ ਪੱਕੀ ਗੁਪਤ ਸੂਚਨਾ ਤੋਂ ਹੋਈ ਸੀ। ਸੂਚਨਾ ਦੇ ਆਧਾਰ ’ਤੇ ਛੇਹਰਟਾ ਥਾਣੇ ਦੇ ਐੱਸਐੱਚਓ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਚੈਕਿੰਗ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਵਿਸ਼ਾਲ ਨਾਮਕ ਬਦਮਾਸ਼ ਨੂੰ ਕਾਬੂ ਕੀਤਾ, ਜਿਸ ਕੋਲੋਂ .30 ਬੋਰ ਦੀ ਇੱਕ ਗਲੌਕ ਪਿਸਤੌਲ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਵਿਸ਼ਾਲ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਉਸ ਦੇ ਬਾਕੀ ਸਾਥੀ ਥਾਂਦਾ ਰੋਡ ਨੇੜੇ ਜੰਗਲਨੁਮਾ ਅਤੇ ਝਾੜੀਆਂ ਵਾਲੇ ਇਲਾਕੇ ਵਿੱਚ ਲੁਕੇ ਹੋਏ ਹਨ। ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ। ਪੁਲਿਸ ਵੱਲੋਂ ਲਾਊਡਸਪੀਕਰ ਰਾਹੀਂ ਵਾਰ-ਵਾਰ ਆਤਮਸਮਰਪਣ ਕਰਨ ਦੀ ਅਪੀਲ ਕੀਤੀ ਗਈ, ਪਰ ਬਦਮਾਸ਼ਾਂ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਤਿੰਨ ਬਦਮਾਸ਼ਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।
ਪੁਲਿਸ ਦੀ ਇਸ ਕਾਰਵਾਈ ਵਿੱਚ ਕੁੱਲ ਚਾਰ ਬਦਮਾਸ਼ ਫੜੇ ਗਏ ਹਨ। ਜ਼ਖ਼ਮੀ ਮੁਲਜ਼ਮਾਂ ਦੀ ਪਛਾਣ ਛਿੰਦਾ ਪਹਿਲਵਾਨ, ਸ਼ਿਵਮ ਉਰਫ਼ ਸ਼ਿਵਾ ਅਤੇ ਲਵਕੇਸ਼ ਵਜੋਂ ਹੋਈ ਹੈ, ਜਦੋਂ ਕਿ ਚੌਥੇ ਸਾਥੀ ਰਾਜਵਿੰਦਰ ਨੂੰ ਵੀ ਸੁਰੱਖਿਅਤ ਕਾਬੂ ਕਰ ਲਿਆ ਗਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਅਤਿ-ਆਧੁਨਿਕ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਹੋਇਆ ਹੈ, ਜਿਸ ਵਿੱਚ 5 ਵਿਦੇਸ਼ੀ ਪਿਸਤੌਲ (2 ਗਲੌਕ ਅਤੇ 3 ਬੇਰੇਟਾ) ਅਤੇ 20 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਇਹ ਆਪਰੇਸ਼ਨ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਇਆ ਗਿਆ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਛਾਪੇਮਾਰੀ ਜਾਰੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਅਪੀਲ ਕੀਤੀ ਕਿ ਭਟਕੇ ਹੋਏ ਨੌਜਵਾਨ ਮੁੱਖ ਧਾਰਾ ਵਿੱਚ ਪਰਤ ਕੇ ਸਰੰਡਰ ਕਰਨ, ਤਾਂ ਜੋ ਉਨ੍ਹਾਂ ਪ੍ਰਤੀ ਨਰਮ ਰੁਖ ਅਪਣਾਇਆ ਜਾ ਸਕੇ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਕਾਨੂੰਨ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
विजिलेंस ब्यूरो ने निजी पासपोर्ट एजेंट को 20,000 रुपये रिश्वत लेते रंगे हाथों किया काबू
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



