ਪਟਿਆਲਾ : ਪਟਿਆਲਾ ਦੇ ਪੌਸ਼ ਇਲਾਕੇ ਐੱਸ.ਐੱਸ.ਟੀ. (SST) ਨਗਰ ਵਿੱਚ ਦੇਰ ਰਾਤ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਜਿਮ ਤੋਂ ਵਰਕਆਊਟ ਕਰਕੇ ਆਪਣੇ ਘਰ ਪਰਤ ਰਹੇ ਇੱਕ ਨੌਜਵਾਨ ‘ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਮਲਾਵਰ ਇੱਕ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਵਿੱਚ ਸਵਾਰ ਸਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਤਾਬੜਤੋੜ ਕੀਤੀ ਫਾਇਰਿੰਗ
ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਬੇਹੱਦ ਖ਼ੌਫ਼ਨਾਕ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਪਹਿਲਾਂ ਰਸਤੇ ਵਿੱਚ ਨੌਜਵਾਨ ਦੀ ਕਾਰ ਨੂੰ ਪਿੱਛੋਂ ਦੋ ਵਾਰ ਜ਼ੋਰਦਾਰ ਟੱਕਰ ਮਾਰੀ। ਜਦੋਂ ਨੌਜਵਾਨ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਫੋਰਚੂਨਰ ਸਵਾਰਾਂ ਨੇ ਪਹਿਲਾਂ ਦੋ ਹਵਾਈ ਫਾਇਰ ਕੀਤੇ ਅਤੇ ਫਿਰ ਤੀਜੀ ਗੋਲੀ ਸਿੱਧੀ ਨੌਜਵਾਨ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਚਲਾਈ। ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਨੌਜਵਾਨ ਵਾਲ-ਵਾਲ ਬਚ ਗਿਆ।
ਸੂਚਨਾ ਮਿਲਦੇ ਹੀ ਪਹੁੰਚੀ ਲਹੌਰੀ ਗੇਟ ਪੁਲਿਸ
ਵਾਰਦਾਤ ਤੋਂ ਤੁਰੰਤ ਬਾਅਦ ਪੀੜਤ ਨੌਜਵਾਨ ਨੇ ਪੁਲਿਸ ਨੂੰ ਫ਼ੋਨ ‘ਤੇ ਹਮਲੇ ਦੀ ਇਤਲਾਹ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਲਹੌਰੀ ਗੇਟ ਦੀ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਓਥੋਂ ਨਿਕਲ ਚੁੱਕੇ ਸਨ। ਥਾਣਾ ਇੰਚਾਰਜ ਸੌਰਵ ਸਬਰਵਾਲ ਨੇ ਦੱਸਿਆ ਕਿ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਤੇ ਬਿਆਨਾਂ ਦੇ ਆਧਾਰ ‘ਤੇ ਇਹ ਮਾਮਲਾ ਕਿਸੇ ਪੁਰਾਣੀ ਜਾਂ ਨਿੱਜੀ ਰੰਜਿਸ਼ ਦਾ ਨਹੀਂ ਲੱਗ ਰਿਹਾ, ਪਰ ਪੁਲਿਸ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ।
ਹਮਲਾਵਰਾਂ ਦੀ ਪਛਾਣ ਲਈ CCTV ਫੁਟੇਜ ਖੰਗਾਲ ਰਹੀ ਪੁਲਿਸ
ਇਸ ਹਾਈ-ਪ੍ਰੋਫਾਈਲ ਮਾਮਲੇ ਨੂੰ ਸੁਲਝਾਉਣ ਅਤੇ ਦੋਸ਼ੀਆਂ ਤੱਕ ਪਹੁੰਚਣ ਲਈ ਪੁਲਿਸ ਵੱਲੋਂ ਐੱਸ.ਐੱਸ.ਟੀ. ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਚੈੱਕ ਕੀਤਾ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਫੋਰਚੂਨਰ ਗੱਡੀ ਦੇ ਨੰਬਰ ਅਤੇ ਸੀਸੀਟੀਵੀ ਦੀ ਮਦਦ ਨਾਲ ਹਮਲਾਵਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


