ਗੁਰਦਾਸਪੁਰ : ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਕਰੀਬ 12 ਸਾਲ ਪਹਿਲਾਂ ਲੇਬਨਾਨ ਗਏ ਇੱਕ ਪੰਜਾਬੀ ਨੌਜਵਾਨ ਦੀ ਘਰ ਵਾਪਸੀ ਦੀਆਂ ਖ਼ੁਸ਼ੀਆਂ ਉਸ ਸਮੇਂ ਚਿੰਤਾ ਅਤੇ ਮਾਤਮ ਵਿੱਚ ਬਦਲ ਗਈਆਂ, ਜਦੋਂ ਉਹ ਦੁਬਈ ਏਅਰਪੋਰਟ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਇਲਾਕੇ ਦਾ ਰਹਿਣ ਵਾਲਾ 35 ਸਾਲਾ ਭੁਪਿੰਦਰ ਸਿੰਘ ਜਦੋਂ ਆਪਣੇ ਘਰ ਪਰਤ ਰਿਹਾ ਸੀ, ਤਾਂ ਉਸ ਦਾ ਸਾਮਾਨ ਤਾਂ ਦਿੱਲੀ ਏਅਰਪੋਰਟ ਪਹੁੰਚ ਗਿਆ, ਪਰ ਉਸ ਦਾ ਆਪਣਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।
ਪੀੜਤ ਪਰਿਵਾਰ ਮੁਤਾਬਕ ਲੇਬਨਾਨ ਵਿੱਚ ਕੰਮ ਕਰਨ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਭੁਪਿੰਦਰ ਦੀ ਲੱਤ ਟੁੱਟ ਗਈ ਸੀ, ਜਿਸ ਤੋਂ ਬਾਅਦ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਅਤੇ ਵ੍ਹੀਲਚੇਅਰ ਦਾ ਸਹਾਰਾ ਲੈਣ ਲੱਗਾ। ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ ਦੇ ਸਦਮੇ ਕਾਰਨ ਭੁਪਿੰਦਰ ਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ ਸੀ। ਕੰਪਨੀ ਵੱਲੋਂ ਉਸਦੀ ਸਾਂਭ-ਸੰਭਾਲ ਕਰਨ ਦੀ ਬਜਾਏ ਉਸ ਨੂੰ ਵ੍ਹੀਲਚੇਅਰ ‘ਤੇ ਹੀ ਲੇਬਨਾਨ ਏਅਰਪੋਰਟ ਤੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੁਪਿੰਦਰ 6 ਅਗਸਤ ਨੂੰ ਰਾਤ ਸਮੇਂ ਲੇਬਨਾਨ ਤੋਂ ਰਵਾਨਾ ਹੋਇਆ ਸੀ ਅਤੇ ਉਸਨੇ ਦੁਬਈ ਰਾਹੀਂ ਦਿੱਲੀ ਆਉਣਾ ਸੀ। ਦੁਬਈ ਏਅਰਪੋਰਟ ‘ਤੇ ਉਸਦੀ ਕਰੀਬ 7 ਘੰਟਿਆਂ ਦੀ ਸਟੇਅ ਸੀ, ਜਿਸ ਦੌਰਾਨ ਉਹ ਅਚਾਨਕ ਗਾਇਬ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਫਲਾਈਟ ਦਿੱਲੀ ਪਹੁੰਚ ਗਈ ਅਤੇ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਭੁਪਿੰਦਰ ਦਾ ਬੈਗ ਅਤੇ ਸਾਮਾਨ ਉੱਥੇ ਪਹੁੰਚ ਗਿਆ ਹੈ, ਜਦਕਿ ਨੌਜਵਾਨ ਖ਼ੁਦ ਲਾਪਤਾ ਹੈ।
ਨੌਜਵਾਨ ਦੇ ਲਾਪਤਾ ਹੋਣ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਅਤੇ ਪਾਸਪੋਰਟ ਤੋਂ ਬਿਨਾਂ ਵਿਦੇਸ਼ ਵਿੱਚ ਫਸੇ ਭੁਪਿੰਦਰ ਨੂੰ ਲੈ ਕੇ ਪਰਿਵਾਰ ਬਹੁਤ ਡਰਿਆ ਹੋਇਆ ਹੈ। ਪਰਿਵਾਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਦੁਬਈ ਤੇ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭੁਪਿੰਦਰ ਸਿੰਘ ਦੀ ਭਾਲ ਕੀਤੀ ਜਾਵੇ ਅਤੇ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


