ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲੁਧਿਆਣਾ ਵਿਖੇ ਬੀਤੇ ਸ਼ਨਿੱਚਰਵਾਰ ਦੀ ਰਾਤ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਇੱਥੇ ਇਕ ਟ੍ਰੇਨ ਦੇ ਲਪੇਟ ਵਿਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਲੋਕਾਂ ਦੇ ਜਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ ਅੱਠ ਵਜੇ ਗਿਆਸਪੁਰਾ ਫਾਟਕ ਵਿਖੇ 2 ਬਾਈਕ ਅਤੇ ਇਕ ਐਕਟੀਵਾ ਸਵਾਰ ਫਾਟਕ ਲੱਗੇ ਹੋਣ ਦੇ ਬਾਵਜੂਦ ਨੀਚੋਂ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਅਤੇ ਉਦੋਂ ਹੀ ਟ੍ਰੇਨ ਆ ਗਈ ਜਿਸ ਕਰਕੇ ਇਹ ਹਾਦਸੇ ਦਾ ਸ਼ਿਕਾਰ ਹੋ ਗਏ। ਬਾਈਕ ਸਵਾਰ ਦੋ ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਬਾਕੀ 3 ਲੋਕ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ ਇਕ 62 ਸਾਲਾਂ ਬਜੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਸ਼ਾਮਲ ਹਨ।
ਇਸ ਸਬੰਧੀ ਮ੍ਰਿਤਕ ਰਤਨਜੀਤ ਦੇ ਪਰਿਵਾਰਕ ਮੈਂਬਰਾ ਦਾ ਕਹਿਣਾ ਸੀ ਕਿ ਜਦੋਂ ਫਾਟਕ ਖੁਲ੍ਹਿਆ ਤਾਂ ਉਹ ਰੇਲਵੇ ਲਾਈਨ ਪਾਰ ਕਰ ਰਹੇ ਸਨ ਅਤੇ ਉਦੋਂ ਹੀ ਦੂਜੀ ਟ੍ਰੇਨ ਆ ਗਈ ਜਿਸ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਇਸ ਪੂਰੀ ਘਟਨਾ ਦੇ ਜਿੰਮੇਵਾਰ ਰੇਲਵੇ ਪ੍ਰਸ਼ਾਸਨ ਅਤੇ ਗੇਟਮੈਨ ਨੂੰ ਦੱਸਿਆ ਹੈ।
ਇਸ ਹਾਦਸੇ ਦੇ ਕਾਰਨਾਂ ਲੈ ਕੇ ਜਦੋਂ ਐਸਡੀਐਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਇਸ ਘਟਨਾ ਦੇ ਕਾਰਨਾਂ ਦਾ ਪਤਾ ਲੱਗੇਗਾ।ਲੁਧਿਆਣਾ ਦੇ ਐਸਡੀਐਮ ਅਮਰਜੀਤ ਸਿੰਘ ਬੈਂਸ ਨੇ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਟ੍ਰੇਨ ਰਾਹੀਂ ਇਹ ਘਟਨਾ ਵਾਪਰੀ ਉਹ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।



