ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵੀ ਕੋਰੋਨਾ ਦੇ ਕਹਿਰ ਤੋਂ ਬੱਚ ਨਹੀਂ ਪਾਇਆ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 11 ਹਜ਼ਾਰ ਤੋਂ ਵੀ ਜਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਢਾਈ ਸੋ ਤੋਂ ਵੱਧ ਹੋ ਗਿਆ ਹੈ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਿਚ ਲਾਕਡਾਊਨ ਦੀ ਮਿਆਦ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 11,940 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 254 ਤੱਕ ਪਹੁੰਚ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਪੀਐਮ ਇਮਰਾਨ ਖਾਨ ਨੇ ਨੈਸ਼ਨਲ ਕਾਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿਚ ਦੇਸ਼ ‘ਚ ਲਾਕਡਾਊਨ 15 ਦਿਨ ਹੋਰ ਭਾਵ 9 ਮਈ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਮੰਤਰੀ ਅਸਦ ਉਮਰ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੂਰੇ ਦੇਸ਼ ਵਿਚ ਲਾਕਡਾਊਨ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਸੀ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 79 ਫ਼ੀਸਦੀ ਮਾਮਲੇ ਸਥਾਨਕ ਪੱਧਰ ਉੱਤੇ ਫੈਲਣ ਕਰਕੇ ਸਾਹਮਣੇ ਆਏ ਹਨ। ਹੁਣ ਤੱਕ ਦਾਅਵਾ ਇਹ ਕੀਤਾ ਜਾ ਰਿਹਾ ਸੀ ਕਿ ਵਿਦੇਸ਼ ਤੋਂ ਵਾਪਸ ਪਰਤੇ ਲੋਕਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਜਾ ਰਿਹਾ ਹੈ ਅਤੇ ਸਥਾਨਕ ਪੱਧਰ ਉੱਤੇ ਕੋਰੋਨਾ ਦੇ ਮਾਮਲੇ ਬਹੁਤ ਘੱਟ ਹਨ ਪਰ ਤਾਜ਼ਾ ਅੰਕੜਿਆ ਤੋਂ ਇਹ ਖੁਲਾਸਾ ਹੋਇਆ ਹੈ ਕਿ ਕੇਵਲ 21 ਫ਼ੀਸਦੀ ਕੋਰੋਨਾ ਪੀੜਤ ਅਜਿਹੇ ਹਨ ਜਿਨ੍ਹਾਂ ਨੇ ਵਿਦੇਸ਼ ਦੀ ਯਾਤਰਾ ਕੀਤੀ ਸੀ ਜਦਕਿ 79 ਫੀਸਦੀ ਅਜਿਹੇ ਲੋਕ ਹਨ ਜਿਨ੍ਹਾ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿਚ ਲਿਆ ਹੋਇਆ ਹੈ।

