ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਜੀਐਸਟੀ ਡਿਪਾਰਟਮੈਂਟ ਵਿੱਚ ਕੰਮ ਕਰਦੇ ਚਾਰਟਿਡ ਅਕਾਉਟੈਂਟ ‘ਤੇ ਦਰਜ ਮਾਮਲੇ ਪਿਛੋਂ ਚਾਰਟਰਡ ਅਕਾਉਂਟੈਂਟ ਆਪਣੇ ਹੀ ਡਿਪਾਰਟਮੈਂਟ ਖਿਲਾਫ਼ ਧਰਨੇ ‘ਤੇ ਬੈਠੇ ਨਜ਼ਰ ਆਏ ਹਨ। ਇਸ ਮਾਮਲੇ ਦੀ ਸ਼ੁਰੂਆਤ ਬੇਸ਼ਕ ਇੱਕ ਚਾਰਟਰਡ ਅਕਾਉਂਟੈਂਟ ‘ਤੇ ਪਰਚਾ ਦਰਜ ਹੋਣ ਨਾਲ ਹੋਈ ਸੀ ਪਰ ਹੁਣ ਇਸ ਮਾਮਲੇ ਨੇ ਨਵਾਂ ਮੋੜ ਫੜਦਿਆਂ ਇਸ ਨੂੰ ਜੀਐਸਟੀ ਡਿਪਾਰਟਮੈਂਟ ਦੇ ਮੁੱਖੀ ਆਸ਼ੂਤੋਸ਼ ਬਰਨਵਾਲ ਨਾਲ ਜੋੜ ਲਿਆ ਹੈ।
ਮਾਮਲੇ ਦੀ ਗੱਲ ਕਰੀਏ ਤਾਂ ਜੀਐਸਟੀ ਵਿਭਾਗ ਦੇ ਇੱਕ ਚਾਰਟਰਡ ਅਕਾਉਂਟੈਂਟ ‘ਤੇ ਬੀਤੇ ਦਿਨੀਂ ਕਿਸੇ ਵਪਾਰ ਮੰਡਲ ਵਲੋਂ ਜੀਐਸਟੀ ਦੀ ਵਿਭਾਗੀ ਕਾਰਵਾਈ ਦੌਰਾਨ ਪਰਚਾ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਰੱਦ ਕਰਵਾਉਣ ਸੰਬੰਧੀ ਜੀਐਸਟੀ ਦੇ ਚਾਰਟਿਡ ਅਕਾਉਂਟੈਂਟ ਐਸੋਸੀਏਸ਼ਨ ਵਲੋਂ ਲੁਧਿਆਣਾ ਜਿਲ੍ਹੇ ਦੇ ਰਿਸ਼ੀ ਨਗਰ ਸਥਿਤ ਸੈਂਟਰਲ ਜੀਐਸਟੀ ਆਫਿਸ ‘ਚ ਮੌਜੂਦ ਡਿਪਾਰਟਮੈਂਟ ਮੁੱਖੀ ਆਸ਼ੁਤੋਸ਼ ਬਰਨਵਾਲ ਨੂੰ ਇਸ ਮਾਮਲੇ ਸੰਬੰਧੀ ਮੰਗ ਪੱਤਰ ਸੌਂਪਣ ਦਾ ਨਿਰਣਾ ਲਿਆ ਸੀ।
ਚਾਰਟਰਡ ਅਕਾਉਂਟੈਂਟਾਂ ਮੁਤਾਬਿਕ ਜਦੋਂ ਉਹ ਡਿਪਾਰਟਮੈਂਟ ਮੁੱਖੀ ਨੂੰ ਇਸ ਸੰਬੰਧੀ ਮੰਗ-ਪੱਤਰ ਸੌਂਪਣ ਗਏ ਤਾਂ ਜੀਐਸਟੀ ਵਿਭਾਗ ਮੁਖੀ ਆਸ਼ੂਤੋਸ਼ ਬਰਨਵਾਲ ਵਲੋਂ ਮੰਗ-ਪੱਤਰ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚਾਰਟਰਡ ਅਕਾਉਂਟੈਂਟ ਭੜਕ ਉੱਠੇ ਅਤੇ ਉਨ੍ਹਾਂ ਸੈਂਟਰਲ ਜੀਐਸਟੀ ਵਿਭਾਗ ਦੇ ਗੇਟ ‘ਤੇ ਹੀ ਧਰਨਾ ਸ਼ੁਰੂ ਕਰ ਦਿੱਤਾ।
ਇਸ ਮਾਮਲੇ ਸੰਬੰਧੀ ਚਾਰਟਰਡ ਅਕਾਉਂਟੈਂਟ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਜੀਐਸਟੀ ਵਿਭਾਗ ਦੇ ਮੁੱਖੀ ਅਤੇ ਹੋਰ ਅਫ਼ਸਰ ਤਾਨਾਸ਼ਾਹੀ ਰਵੱਈਏ ਨਾਲ ਕੰਮ ਕਰ ਰਹੇ ਹਨ। ਉਹ ਆਪਣੇ ਸਹਾਇਕਾਂ ਅਤੇ ਐਸੋਸ਼ੀਏਸ਼ਨ ਦੇ ਮੈਂਬਰਾਂ ਸਮੇਤ ਸ਼ਾਂਤਮਈ ਤਰੀਕੇ ਨਾਲ ਮੰਗ-ਪੱਤਰ ਦੇਣ ਆਏ ਸਨ। ਪਰ ਵਿਭਾਗ ਮੁੱਖੀ ਵਲੋਂ ਮੰਗ-ਪੱਤਰ ਪ੍ਰਵਾਨ ਨਹੀ ਕੀਤਾ ਗਿਆ। ਨਾਲ ਹੀ ਉਨ੍ਹਾਂ ਇਨ੍ਹਾ ਵੀ ਕਿਹਾ ਕਿ, ਵਿਭਾਗ ਨੇ ਪੱਖ-ਪਾਤੀ ਰੂਪ ਅਖਤਿਆਰ ਕਰਦੇ ਹੋਏ ਚਾਰਟਰਡ ਅਕਾਉਂਟੈਂਟਾਂ ਦੇ ਅੰਦਰ ਆਉਣ ਲਈ ਦਰਵਾਜਾ ਤੱਕ ਬੰਦ ਕਰ ਲਿਆ ਸੀ। ਚਾਰਟਰਡ ਅਕਾਉਂਟੈਂਟ ਨੇ ਇਹ ਵੀ ਕਿਹਾ ਕਿ, ਜਦੋਂ ਤੱਕ ਵਿਭਾਗ ਮੁਖੀ ਆਪਣਾ ਰਵੱਈਆ ਨਹੀ ਬਦਲ ਲੈਂਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।
ਇਸ ਸੰਬੰਧੀ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ, ਉਹ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ, ਦੋਵਾਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਵਿਭਾਗ ਮੁਖੀ ਮੰਗ ਪੱਤਰ ਲੈਣ ਲਈ ਰਾਜੀ ਨਹੀ ਹੋ ਰਹੇ।



