ਗੁਰਦਾਸਪੁਰ ‘ਚ ਜਮੀਨੀ ਵਿਵਾਦ ਭਿਆਨਕ ਸੰਘਰਸ਼ ‘ਚ ਬਦਲਿਆ: 40 ਏਕੜ ਕਣਕ ਦੀ ਕਟਾਈ ਮੌਕੇ ਚੱਲੀਆਂ ਗੋਲੀਆਂ, ਕੰਬਾਈਨ ਆਪਰੇਟਰ ਨੂੰ ਅਗਵਾ ਕਰਨ ਦੇ ਦੋਸ਼

ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੋਠ ਸਰਾਏ ਵਿੱਚ 40 ਏਕੜ ਤੋਂ ਵੱਧ ਰਕਬੇ ਵਿੱਚ ਬੀਜੀ ਕਣਕ ਦੀ…

ਗੁਰਦਾਸਪੁਰ 'ਚ ਜਮੀਨੀ ਵਿਵਾਦ ਭਿਆਨਕ ਸੰਘਰਸ਼ 'ਚ ਬਦਲਿਆ: 40 ਏਕੜ ਕਣਕ ਦੀ ਕਟਾਈ ਮੌਕੇ ਚੱਲੀਆਂ ਗੋਲੀਆਂ, ਕੰਬਾਈਨ ਆਪਰੇਟਰ ਨੂੰ ਅਗਵਾ ਕਰਨ ਦੇ ਦੋਸ਼

ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੋਠ ਸਰਾਏ ਵਿੱਚ 40 ਏਕੜ ਤੋਂ ਵੱਧ ਰਕਬੇ ਵਿੱਚ ਬੀਜੀ ਕਣਕ ਦੀ ਕਟਾਈ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਾਰੀ ਹੰਗਾਮਾ ਹੋ ਗਿਆ। ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਖੇਤਾਂ ਵਿੱਚ ਤਾਬੜ-ਤੋੜ ਗੋਲੀਆਂ ਚੱਲਣ ਦੇ ਨਾਲ-ਨਾਲ ਕੰਬਾਈਨ ਆਪਰੇਟਰ ਨੂੰ ਅਗਵਾ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਹਥਿਆਰਬੰਦ ਹਮਲਾਵਰਾਂ ਨੇ ਕਣਕ ਦੀ ਕਟਾਈ ਰੁਕਵਾਈ: ਪੀੜਤ ਧਿਰ

ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ ਅਤੇ ਬਲਵੰਤ ਸਿੰਘ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ 13 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਉਹ ਖੇਤਾਂ ਵਿੱਚ ਕਣਕ ਵੱਢ ਰਹੇ ਸਨ, ਤਾਂ ਚਾਰ ਗੱਡੀਆਂ ਵਿੱਚ ਸਵਾਰ ਹੋ ਕੇ ਕਰੀਬ ਡੇਢ ਦਰਜਨ ਹਥਿਆਰਬੰਦ ਵਿਅਕਤੀ ਮੌਕੇ ‘ਤੇ ਪਹੁੰਚ ਗਏ। ਪੀੜਤ ਧਿਰ ਅਨੁਸਾਰ ਹਮਲਾਵਰਾਂ ਨੇ ਕੰਬਾਈਨ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ। ਕੰਬਾਈਨ ਆਪਰੇਟਰ ਨੂੰ ਪਿਸਤੌਲ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ। ਕੰਬਾਈਨ ਦਾ ਕਟਰ ਖੋਲ੍ਹ ਕੇ ਵੱਡੀ ਮਾਤਰਾ ਵਿੱਚ ਕਣਕ ਖੇਤਾਂ ਵਿੱਚ ਹੀ ਖਿਲਾਰ ਕੇ ਨੁਕਸਾਨ ਕੀਤਾ ਗਿਆ।

ਕਿਸਾਨ ਆਗੂਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਹਮਲਾਵਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ।

ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ, ਅਕਾਲੀ ਆਗੂ ਸੁਖਬੀਰ ਰਣਜੀਤ ਸਿੰਘ ਸੋਨੂੰ ਔਲਖ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਧੱਕੇ ਨਾਲ ਉਨ੍ਹਾਂ ਦੀ ਜ਼ਮੀਨ ਵਿੱਚੋਂ ਕਣਕ ਵੱਢ ਰਹੇ ਸਨ ਅਤੇ ਉਹ ਸਿਰਫ਼ ਇਸ ਝਗੜੇ ਨੂੰ ਰੋਕਣ ਲਈ ਉੱਥੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਅਗਵਾ ਕਰਨ ਜਾਂ ਗੋਲੀ ਚਲਾਉਣ ਦੇ ਦੋਸ਼ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਲਈ ਲਗਾਏ ਜਾ ਰਹੇ ਹਨ।

ਪੁਲਿਸ ਕਾਰਵਾਈ: ਜਾਂਚ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ

ਇਸ ਪੂਰੇ ਮਾਮਲੇ ਸਬੰਧੀ ਜਦੋਂ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਖੁਦ ਮੌਕੇ ‘ਤੇ ਜਾ ਕੇ ਜਾਇਜ਼ਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਧਿਰ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਡੀ.ਐਸ.ਪੀ. ਨੇ ਭਰੋਸਾ ਦਿਵਾਇਆ ਕਿ ਦੋਵਾਂ ਧਿਰਾਂ ਦਾ ਪੱਖ ਸੁਣਨ ਅਤੇ ਸ਼ਿਕਾਇਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵਿਵਾਦ ਖੇਤਾਂ ਵਿੱਚ ਜਮੀਨੀ ਕਬਜ਼ੇ ਅਤੇ ਫ਼ਸਲ ਦੇ ਹੱਕ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ, ਜਿਸ ਨੇ ਹੁਣ ਇੱਕ ਗੰਭੀਰ ਅਪਰਾਧਿਕ ਰੂਪ ਲੈ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਵਿੱਚ ਅਗਵਾ ਅਤੇ ਗੋਲੀਬਾਰੀ ਦੇ ਦੋਸ਼ਾਂ ਦੀ ਕੀ ਸੱਚਾਈ ਸਾਹਮਣੇ ਆਉਂਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਬਠਿੰਡਾ ‘ਚ ਖਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ: ਇਤਿਹਾਸਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਨਤਮਸਤਕ ਹੋਈਆਂ ਹਜ਼ਾਰਾਂ ਸੰਗਤਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *