ਮੁੰਬਈ: ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਅੱਜ 5 ਅਪ੍ਰੈਲ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ‘ਤੇ ਭਰਾ ਕ੍ਰਿਸ਼ਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਭੈਣ ‘ਤੇ ਖ਼ੂਬ ਪਿਆਰ ਲੁਟਾਇਆ ਹੈ। ਕ੍ਰਿਸ਼ਨਾ ਨੇ ਇੰਸਟਾਗ੍ਰਾਮ ‘ਤੇ ਬਚਪਨ ਦੀਆਂ ਕੁਝ ਯਾਦਗਾਰ ਤਸਵੀਰਾਂ ਸਾਂਝੀਆਂ ਕਰਦਿਆਂ ਇੱਕ ਬੇਹੱਦ ਪਿਆਰੀ ਪੋਸਟ ਲਿਖੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
“ਪਰੇਸ਼ਾਨ ਕਰਦੀ ਰਹੇਂ ਪਰ ਇੰਝ ਹੀ ਰਹੇਂ” – ਕ੍ਰਿਸ਼ਨਾ ਦੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ
ਕ੍ਰਿਸ਼ਨਾ ਨੇ ਆਪਣੀ ਭੈਣ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਲਿਖਿਆ, “ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਜਿਵੇਂ ਹੋ, ਉਵੇਂ ਹੀ ਰਹੋ—ਚਾਹੇ ਪਰੇਸ਼ਾਨ ਕਰਨ ਵਾਲੇ, ਚਿੜਚਿੜੇ, ਮੂਰਖ ਜਾਂ ਕਦੇ-ਕਦੇ ਚਿੜਾਉਣ ਵਾਲੇ। ਅਸੀਂ ਸਾਰੇ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੇ ਹਾਂ। ਹਮੇਸ਼ਾ ਖ਼ੁਸ਼ ਅਤੇ ਸਿਹਤਮੰਦ ਰਹੋ। ਖ਼ੂਬ ਮੌਜ ਕਰੋ, ਚੀਅਰਜ਼!”
View this post on Instagram
ਆਰਤੀ ਨੇ ਦਿੱਤਾ ਮਜ਼ੇਦਾਰ ਜਵਾਬ, ਫਰਾਹ ਖਾਨ ਨੇ ਵੀ ਕੀਤੀ ਤਾਰੀਫ਼
ਭਰਾ ਦੀ ਇਸ ਪੋਸਟ ‘ਤੇ ਆਰਤੀ ਸਿੰਘ ਨੇ ਬੜੇ ਹੀ ਮਜ਼ੇਦਾਰ ਅੰਦਾਜ਼ ਵਿੱਚ ਜਵਾਬ ਦਿੰਦਿਆਂ ਲਿਖਿਆ, “ਲਵ ਯੂ। ਸਾਡੀ ਮਾਂ ਨੇ ਮੈਨੂੰ ਤੁਹਾਨੂੰ ਪਰੇਸ਼ਾਨ ਕਰਨ ਲਈ ਚੁਣਿਆ ਹੈ ਅਤੇ ਮੈਂ ਸਾਰੀ ਉਮਰ, ਅਗਲੇ 45 ਸਾਲ ਹੋਰ ਇਹੀ ਕਰਦੀ ਰਹਾਂਗੀ।”ਇਸ ਪਿਆਰੀ ਨੋਕ-ਝੋਕ ‘ਤੇ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਵੀ ਕਮੈਂਟ ਕਰਦਿਆਂ ਲਿਖਿਆ, “ਬਹੁਤ ਪਿਆਰਾ, ਮੈਨੂੰ ਯਾਦ ਹੈ ਤੁਸੀਂ ਦੋਵੇਂ ਬਚਪਨ ਵਿੱਚ ਇੰਝ ਹੀ ਦਿਖਦੇ ਸੀ। ਜਨਮਦਿਨ ਮੁਬਾਰਕ।”
ਮਾਪਿਆਂ ਤੋਂ ਬਾਅਦ ਕ੍ਰਿਸ਼ਨਾ ਨੇ ਧੀ ਵਾਂਗ ਪਾਲੀ ਭੈਣ
ਦੱਸਣਯੋਗ ਹੈ ਕਿ ਕ੍ਰਿਸ਼ਨਾ ਅਤੇ ਆਰਤੀ ਵਿਚਕਾਰ ਬੇਹੱਦ ਗੂੜ੍ਹਾ ਰਿਸ਼ਤਾ ਹੈ। ਮਾਪਿਆਂ ਦੇ ਗੁਜ਼ਰ ਜਾਣ ਤੋਂ ਬਾਅਦ ਕ੍ਰਿਸ਼ਨਾ ਨੇ ਆਪਣੀ ਭੈਣ ਆਰਤੀ ਨੂੰ ਇੱਕ ਪਿਤਾ ਦੀ ਤਰ੍ਹਾਂ ਸਾਂਭਿਆ ਅਤੇ ਉਸ ਦੀ ਹਰ ਜ਼ਿੰਮੇਵਾਰੀ ਨਿਭਾਈ। ਅਪ੍ਰੈਲ 2024 ਵਿੱਚ ਹੋਏ ਆਰਤੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਅਤੇ ਜ਼ਿੰਮੇਵਾਰੀਆਂ ਵੀ ਕ੍ਰਿਸ਼ਨਾ ਨੇ ਹੀ ਪੂਰੀਆਂ ਕੀਤੀਆਂ ਸਨ। ਦੋਵੇਂ ਭੈਣ-ਭਰਾ ਅਕਸਰ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਦਾ ਸਾਥ ਦਿੰਦੇ ਨਜ਼ਰ ਆਉਂਦੇ ਹਨ।



