ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਪੂਰਥਲਾ ਦੇ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮਿਰਜ਼ਾਪੁਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਨੌਜਵਾਨ ਅਮਰੀਕਾ ਵਿੱਚ ਹੀ ਕੰਮ ਕਰਦਾ ਸੀ ਅਤੇ ਹਾਦਸੇ ਸਮੇਂ ਉਹ ਟਰਾਲਾ ਵਿੱਚ ਸਮਾਨ ਢੋਹ ਕੇ ਮੈਕਸੀਕੋ ਜਾ ਰਿਹਾ ਸੀ। ਉਸ ਦੀ ਟਰਾਲੇ ਦੀ ਦੂਜੇ ਟਰਾਲੇ ਨਾਲ ਟੱਕਰ ਹੋਣ ਨਾਲ ਹਾਦਸਾ ਵਾਪਰਿਆ ਅਤੇ ਟਰਾਲੇ ਵਿੱਚ ਬੈਠਾ ਦੂਜਾ ਨੌਜਵਾਨ ਨਡਾਲਾ ਪਿੰਡ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਮੁਤਾਬਿਕ, ਭੁਲੱਥ ਦੇ ਮਿਰਜ਼ਾਪੁਰ ਪਿੰਡ ਦਾ ਵਸਨੀਕ ਸ਼ਰਨਜੀਤ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਡਰਾਈਵਿੰਗ ਕਰਦਾ ਸੀ। ਉਹ ਟਰਾਲੇ ਵਿੱਚ ਸਮਾਨ ਲੈ ਕੇ ਮੈਕਸੀਕੋ ਜਾ ਰਿਹਾ ਸੀ। ਇਕ ਹੋਰ ਨੌਜਵਾਨ ਨਡਾਲਾ ਦੇ ਵਸਨੀਕ ਅਤੇ ਸ਼ਰਨਜੀਤ ਸਿੰਘ ਟਰਾਲੇ ਵਿੱਚ ਸੁੱਤਾ ਹੋਇਆ ਸੀ। ਰਸਤੇ ਵਿੱਚ ਉਸ ਦੇ ਟਰਾਲੇ ਦੀ ਅੱਗੇ ਜਾ ਰਹੇ ਦੂਜੇ ਟਰਾਲੇ ਨਾਲ ਟੱਕਰ ਹੋਣ ਨਾਲ ਵਾਪਰੇ ਭਿਆਨਕ ਹਾਦਸੇ ਵਿੱਚ ਇਨ੍ਹਾਂ ਨੌਜਵਾਨਾਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਨੇ। ਇਸ ਹਾਦਸੇ ਵਿੱਚ ਸ਼ਰਨਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ, ਸ਼ਰਨਜੀਤ ਸਿੰਘ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ। ਇਸ ਸਮੇਂ, ਉਹ ਕੈਲੀਫੋਰਨੀਆ ਰਾਜ ਦੇ ਸ਼ਹਿਰ ਵਿੱਕਸਿਲ ਵਿੱਚ ਰਹਿ ਰਿਹਾ ਸੀ। ਉਸ ਨੂੰ 48 ਲੱਖ ਰੁਪਏ ਖਰਚ ਕਰਕੇ ਅਮਰੀਕਾ ਭੇਜਿਆ ਗਿਆ ਸੀ, ਪਰ ਉਸ ਦੀ ਆਈ ਮੌਤ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਖੀ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ, ਦੋ ਮਹੀਨੇ ਬਾਅਦ ਉਸ ਦੀ ਭੈਣ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਉਹ ਘਰ ਆਉਣ ਵਾਲਾ ਸੀ। ਸ਼ਰਨਜੀਤ ਸਿੰਘ ਮਿਰਜ਼ਾਪੁਰ ਪਿੰਡ ਦੇ ਸਰਪੰਚ ਜੋਗਾ ਸਿੰਘ ਦਾ ਭਤੀਜਾ ਸੀ। ਪਰਿਵਾਰ ਦੇ ਅਨੁਸਾਰ ਸ਼ਰਨਜੀਤ ਸਿੰਘ ਦੀ ਲਾਸ਼ ਨੂੰ ਅਮਰੀਕੀ ਪੁਲਿਸ ਨੇ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਹੈ। ਛੇਤੀ ਹੀ ਉਸ ਦੀ ਦੇਹ ਨੂੰ ਭਾਰਤ ਲਿਆਉਣ ਦਾ ਫੈਸਲਾ ਲਿਆ ਜਾਵੇਗਾ।

