ਸਿਡਨੀ : ਵਿਸ਼ਵ ਪ੍ਰਸਿੱਧ ਫਿਲਮ ਫ੍ਰੈਂਚਾਈਜ਼ੀ ‘ਜੁਰਾਸਿਕ ਪਾਰਕ’ (Jurassic Park) ਵਿੱਚ ‘ਡਾ. ਐਲਨ ਗ੍ਰਾਂਟ’ ਦਾ ਯਾਦਗਾਰੀ ਕਿਰਦਾਰ ਨਿਭਾਉਣ ਵਾਲੇ ਨਿਊਜ਼ੀਲੈਂਡ ਦੇ ਦਿੱਗਜ ਅਦਾਕਾਰ ਸੈਮ ਨੀਲ (Sam Neill) ਦਾ ਸੋਮਵਾਰ 13 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। ਸੈਮ ਨੀਲ ਦੇ ਪਰਿਵਾਰ ਨੇ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਡਨੀ (ਆਸਟ੍ਰੇਲੀਆ) ਵਿਖੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਅਚਾਨਕ ਹੋਈ ਮੌਤ
ਸਾਲ 2023 ਵਿੱਚ ਸੈਮ ਨੀਲ ਨੇ ਖ਼ੁਦ ਖੁਲਾਸਾ ਕੀਤਾ ਸੀ ਕਿ ਉਹ ‘ਸਟੇਜ-3 ਐਂਜੀਓਇਮਿਊਨੋਬਲਾਸਟਿਕ ਟੀ-ਸੈੱਲ ਲਿਮਫੋਮਾ’ (ਇੱਕ ਦੁਰਲੱਭ ਕਿਸਮ ਦਾ ਬਲੱਡ ਕੈਂਸਰ) ਨਾਲ ਪੀੜਤ ਹਨ, ਜਿਸਦਾ ਪਤਾ ਸਾਲ 2022 ਵਿੱਚ ਲੱਗਿਆ ਸੀ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਬੇਹੱਦ ਦੁੱਖ ਨਾਲ ਸੈਮ ਨੀਲ ਦਾ ਪਰਿਵਾਰ ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਸਾਂਝੀ ਕਰ ਰਿਹਾ ਹੈ। ਉਨ੍ਹਾਂ ਦੀ ਮੌਤ ਅਚਾਨਕ ਅਤੇ ਗ਼ੈਰ-ਕੁਦਰਤੀ ਸੀ, ਪਰ ਸੁੱਖਦ ਗੱਲ ਇਹ ਰਹੀ ਕਿ ਅੰਤਿਮ ਸਮੇਂ ਸੈਮ ਪੂਰੀ ਤਰ੍ਹਾਂ ਕੈਂਸਰ-ਮੁਕਤ (Cancer-free) ਸਨ।” ਪਰਿਵਾਰ ਨੇ ਸੇਂਟ ਵਿੰਸੈਂਟ ਪ੍ਰਾਈਵੇਟ ਹਸਪਤਾਲ ਦੇ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਿਆਂ ਇਸ ਔਖੇ ਸਮੇਂ ਨਿੱਜਤਾ (Privacy) ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦਿੱਤੀ ਸ਼ਰਧਾਂਜਲੀ
ਸੈਮ ਨੀਲ ਦੇ ਅਕਾਲ ਚਲਾਣੇ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਅਲਬਾਨੀਜ਼ ਨੇ ਲਿਖਿਆ, “ਸੈਮ ਨੀਲ ਨੇ ਕਈ ਪ੍ਰਸਿੱਧ ਆਸਟ੍ਰੇਲੀਆਈ ਕਹਾਣੀਆਂ ਵਿੱਚ ਕੰਮ ਕੀਤਾ ਅਤੇ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ। ਉਹ ਹਾਸੇ-ਮਜ਼ਾਕ ਵਾਲੇ, ਗੰਭੀਰ ਅਤੇ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਵਾਲੇ ਇਨਸਾਨ ਸਨ। ਉਨ੍ਹਾਂ ਨੇ ਆਪਣੀ ਬਿਮਾਰੀ ਦਾ ਸਾਹਮਣਾ ਵੀ ਉਸੇ ਦਲੇਰੀ, ਹਾਸੇ ਅਤੇ ਦ੍ਰਿੜਤਾ ਨਾਲ ਕੀਤਾ, ਜੋ ਉਨ੍ਹਾਂ ਦੀ ਅਦਾਕਾਰੀ ਵਿੱਚ ਨਜ਼ਰ ਆਉਂਦੀ ਸੀ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।”
5 ਦਹਾਕਿਆਂ ਦਾ ਸ਼ਾਨਦਾਰ ਕਰੀਅਰ
ਪੰਜ ਦਹਾਕਿਆਂ ਤੋਂ ਵੱਧ ਲੰਬੇ ਫ਼ਿਲਮੀ ਸਫ਼ਰ ਵਿੱਚ ਸੈਮ ਨੀਲ ਨੇ 150 ਤੋਂ ਜ਼ਿਆਦਾ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਨ੍ਹਾਂ ਦੀਆਂ ਪ੍ਰਮੁੱਖ ਫ਼ਿਲਮਾਂ ਵਿੱਚ ‘ਡੇਡ ਕਾਮ’, ‘ਦ ਹੰਟ ਫਾਰ ਰੈੱਡ ਅਕਤੂਬਰ’, ‘ਦ ਜੰਗਲ ਬੁੱਕ’, ‘ਇਨ ਦ ਮਾਊਥ ਆਫ ਮੈਡਨੈੱਸ’, ‘ਇਵੈਂਟ ਹੋਰਾਈਜ਼ਨ’ ਅਤੇ ‘ਹੰਟ ਫਾਰ ਦ ਵਾਈਲਡਰਪੀਪਲ’ ਸ਼ਾਮਲ ਹਨ। ਟੀਵੀ ਜਗਤ ਵਿੱਚ ਉਨ੍ਹਾਂ ਨੇ ਸੁਪਰਹਿੱਟ ਸੀਰੀਜ਼ ‘ਪੀਕੀ ਬਲਾਇੰਡਰਜ਼’ (Peaky Blinders), ‘ਦ ਟਿਊਡਰਸ’ ਅਤੇ ‘ਰਿਕ ਐਂਡ ਮੌਰਟੀ’ ਵਰਗੇ ਸ਼ੋਅਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਉਨ੍ਹਾਂ ਨੂੰ ਮਿਨੀ-ਸੀਰੀਜ਼ ‘ਰਾਈਲੀ, ਐੇਸ ਆਫ ਸਪਾਈਜ਼’ ਲਈ ਵੱਕਾਰੀ ‘ਗੋਲਡਨ ਗਲੋਬ ਅਵਾਰਡ’ ਲਈ ਨਾਮਜ਼ਦਗੀ ਵੀ ਮਿਲੀ ਸੀ।
ਆਤਮਕਥਾ ‘ਚ ਕੀਤਾ ਸੀ ਕੈਂਸਰ ਦੇ ਸਫ਼ਰ ਦਾ ਜ਼ਿਕਰ
ਸਾਲ 2023 ਵਿੱਚ ਰਿਲੀਜ਼ ਹੋਈ ਆਪਣੀ ਆਤਮਕਥਾ (Autobiography) ‘ਡਿਡ ਆਈ ਐਵਰ ਟੈੱਲ ਯੂ ਦਿਸ?’ ਵਿੱਚ ਸੈਮ ਨੇ ਆਪਣੇ ਕੈਂਸਰ ਦੇ ਇਲਾਜ ਅਤੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਾਰੇ ਖੁੱਲ੍ਹ ਕੇ ਲਿਖਿਆ ਸੀ। ਉਨ੍ਹਾਂ ਦੱਸਿਆ ਸੀ ਕਿ ਕੀਮੋਥੈਰੇਪੀ ਦੇ ਦੌਰਾਨ ਕਿਤਾਬ ਲਿਖਣ ਨਾਲ ਉਨ੍ਹਾਂ ਨੂੰ ਜੀਣ ਦਾ ਇੱਕ ਨਵਾਂ ਮਕਸਦ ਮਿਲਿਆ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਬਿਮਾਰੀ ਕੰਟਰੋਲ (Remission) ਵਿੱਚ ਆ ਗਈ ਸੀ, ਪਰ ਫਿਰ ਵੀ ਉਹ ਸੁਰੱਖਿਆ ਦੇ ਲਿਹਾਜ਼ ਨਾਲ ਹਰ ਮਹੀਨੇ ਆਪਣਾ ਚੈੱਕਅੱਪ ਅਤੇ ਇਲਾਜ ਕਰਵਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਜਾਣ ਨਾਲ ਸਿਨੇਮਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Rajasthan High Court receives bomb threat; ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ‘ਚ ਮਚੀ ਹਾਹਾਕਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



