ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਐਤਵਾਰ ਨੂੰ ਵੀ ਤਿੰਨ ਹੋਰ ਅੱਤਵਾਦੀ ਢੇਰ ਕੀਤੇ ਗਏ ਹਨ, ਜਦਕਿ ਇਸ ਮੁੱਠਭੇੜ ਵਿਚ ਇਕ ਏਐਸਆਈ ਬਾਬੂ ਰਾਮ ਸ਼ਹੀਦ ਹੋ ਗਿਆ ਹੈ। ਉੱਥੇ ਹੀ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਜਾਣਕਾਰੀ ਅਨੁਸਾਰ ਸ਼੍ਰੀਨਗਰ ਦੇ ਬਾਹਰੀ ਇਲਾਕੇ ਪੰਥਾ ਚੌਕ ਉੱਤੇ 29-30 ਅਗਸਤ ਦੀ ਰਾਤ ਨੂੰ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਆਏ ਅੱਤਵਾਦੀਆਂ ਨੇ ਸੀਆਰਪੀਐਫ ਦੀ 61ਵੀਂ ਬਟਾਲੀਅਨ ਅਤੇ ਪੁਲਿਸ ਦੀ ਸੰਯੁਕਤ ਪੈਟ੍ਰੋਲਿੰਗ ਪਾਰਟੀ ਉੱਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਪਰ ਸੁਰੱਖਿਆ ਬਲਾਂ ਨੇ ਤਤਕਾਲ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸੇ ਦੌਰਾਨ ਮਕਾਨ ਵਿਚ ਛਿਪੇ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਇਕ ਅੱਤਵਾਦੀ ਮਾਰਿਆ ਗਿਆ। ਸੰਭਾਵਨਾ ਇਹ ਜਤਾਈ ਜਾ ਰਹੀ ਸੀ ਕਿ ਉੱਥੇ ਦੋ ਤੋਂ ਤਿੰਨ ਅੱਤਵਾਦੀ ਛਿਪੇ ਹੋ ਸਕਦੇ ਹਨ ਅਤੇ ਬਾਅਦ ਵਿਚ ਸੁਰੱਖਿਆ ਬਲਾਂ ਨੇ ਦੋ ਹੋਰ ਅੱਤਵਾਦੀਆਂ ਨੂੰ ਮਾਰ ਗਿਰਾਇਆ। ਇਸ ਐਨਕਾਊਂਟਰ ਵਿਚ ਐਸਓਜੀ ਦੇ ਏਐਸਆਈ ਬਾਬੂ ਰਾਮ ਜਖਮੀ ਹੋ ਗਏ, ਜਿਨ੍ਹਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। ਉਹ ਪੁੰਛ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ। ਦੂਜੇ ਪਾਸੇ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਸਾਕਿਬ ਅਹਿਮਦ ਖਾਂਡੇ, ਓਮਰ ਤਾਰਿਕ ਭੱਟ ਅਤੇ ਜੁਬੇਰ ਅਹਿਮਦ ਸ਼ੇਖ ਦੇ ਰੂਪ ਵਿਚ ਹੋਈ ਹੈ ਅਤੇ ਇਨ੍ਹਾਂ ਤੋਂ ਇਕ ਏਕੇ-47,ਦੋ ਮੈਗਜੀਨਾਂ ਅਤੇ ਹੋਰ ਗੋਲਾ ਬਾਰੂਦ ਬਰਾਮਦ ਹੋਇਆਂ ਹੈ। ਬੀਤੇ ਦਿਨ ਸ਼ਨੀਵਾਰ ਨੂੰ ਵੀ ਪੁਲਵਾਮਾ ਦੇ ਜਾਦੂਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਸਨ।
