ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੀਤੇ ਗਏ ਲਾਕਡਾਊਨ ਕਰਕੇ ਲੱਖਾਂ ਪ੍ਰਵਾਸੀ ਮਜਦੂਰ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਥਾਵਾਂ ਉੱਤੇ ਫਸੇ ਹੋਏ ਹਨ ਜਿਨ੍ਹਾਂ ਨੂੰ ਹੁਣ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤੋਂ ਇਜ਼ਾਜਤ ਮਿਲਣ ਦੇ ਬਾਅਦ ਸੂਬਾ ਸਰਕਾਰਾਂ ਆਪਣੇ ਮਜਦੂਰਾਂ ਨੂੰ ਵਾਪਸ ਲਿਆਉਣ ਵਿਚ ਜੁੱਟ ਗਈਆਂ ਹਨ। ਇਸੇ ਕੜੀ ਅੰਦਰ ਤੇਲੰਗਾਨਾ ਵਿਚ ਫਸੇ 1200 ਮਜਦੂਰਾਂ ਨੂੰ ਝਾਰਖੰਡ ਸਰਕਾਰ ਨੇ ਵਾਪਸ ਲਿਆਉਣ ਲਈ ਇਕ ਸਪੈਸ਼ਲ ਟਰੇਨ ਦੀ ਵਿਵਸਥਾ ਕੀਤੀ ਹੈ ਜੋ ਕਿ ਅੱਜ ਰਾਤ ਉਨ੍ਹਾਂ ਨੂੰ ਲੈ ਕੇ ਵਾਪਸ ਪਹੁੰਚੇਗੀ।

ਮੀਡੀਆ ਰਿਪੋਰਟਾਂ ਅਨੁਸਾਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮਜ਼ਦੂਰਾਂ ਦੀ ਵਾਪਸੀ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਇਕ ਸਪੈਸ਼ਲ ਟਰੇਨ ਚਲਾਉਣ ਨੂੰ ਲੈ ਕੇ ਗੱਲਬਾਤ ਕੀਤੀ ਸੀ ਜਿਸ ਤੋਂ ਅੱਜ ਸ਼ੁੱਕਰਵਾਰ ਸਵੇਰੇ 5 ਵਜੇ ਤੇਲੰਗਾਨਾ ਦੇ ਲਿੰਗਮਪੇਲੀ ਤੋਂ ਇਹ ਟਰੇਨ ਚੱਲੀ ਜੋ ਕਿ ਅੱਜ ਰਾਤ 11 ਵਜੇ ਤੱਕ ਝਾਰਖੰਡ ਦੇ ਹਤੀਆ ਪਹੁੰਚੇਗੀ। ਇਸ ਟਰੇਨ ਵਿਚ ਕੁੱਲ 24 ਕੋਚ ਹਨ ਜਿਸ ਕਰਕੇ ਉਮੀਦ ਇਹ ਹੈ ਕਿ ਲਗਭਗ 1200 ਮਜਦੂਰਾਂ ਨੂੰ ਵਾਪਸ ਲਿਆਇਆ ਜਾ ਸਕੇਗਾ ਅਤੇ ਹਰ ਕੋਚ ਵਿਚ ਕੇਵਲ 56 ਮਜਦੂਰਾਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਅਜੇ ਮਜਦੂਰਾਂ ਲਈ ਕੋਈ ਵੀ ਟਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਸ ਸਪੈਸ਼ਲ ਟਰੇਨ ਤੇ ਰੇਲ ਮੰਤਰਾਲੇ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਦੀ ਅਪੀਲ ਤੇ ਹੀ ਇਸ ਨੂੰ ਚਲਾਇਆ ਗਿਆ ਹੈ ਜਿਸ ਵਿਚ ਹਰ ਤਰ੍ਹਾ ਦਾ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਅਤੇ ਇਹ ਇੱਕਲੀ ਇਹੀ ਟਰੇਨ ਹੈ ਜਿਸ ਨੂੰ ਚਲਾਇਆ ਗਿਆ ਹੈ। ਜੇਕਰ ਅੱਗੇ ਕੋਈ ਟਰੇਨ ਚੱਲਦੀ ਹੈ ਤਾਂ ਸੂਬਾ ਸਰਕਾਰ ਅਤੇ ਰੇਲ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਹੀ ਇਹ ਚੱਲੇਗੀ।ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਹਰ ਸੂਬੇ ਨੂੰ ਬੱਸਾਂ ਦੇ ਜਰੀਏ ਹੀ ਮਜਦੂਰਾਂ ਨੂੰ ਵਾਪਸ ਲਿਆਉਣਾ ਹੋਵੇਗਾ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਕੁਵਾਰੰਟਿੰਨ, ਸੈਨਾਟਾਈਜੇਸ਼ਨ ਅਤੇ ਸਕਰੀਨਿੰਗ ਵਰਗੇ ਨਿਯਮਾਂ ਦੀ ਪਾਲਣਾ ਜਰੂਰ ਕਰਨੀ ਹੋਵੇਗੀ।
