ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਬੰਦੀ ਦੇ ਬਾਵਜੂਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀਡੀਓ ਬਣਾਉਣ ਅਤੇ ਉਸ ਨੂੰ ਟਿਕਟੋਕ ‘ਤੇ ਅਪਲੋਡ ਕਰਨ ਦੇ ਮਾਮਲੇ ਵਿੱਚ ਇਕ ਲੜਕੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਦੀ ਸ਼ਿਕਾਇਤ ਐਸਜੀਪੀਸੀ ਨੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਨੂੰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸਾਈਬਰ ਕ੍ਰਾਈਮ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਅਨੁਸਾਰ, ਵੀਡੀਓ ਵਿੱਚ, ਇਹ ਲੜਕੀ ਪਵਿੱਤਰ ਗੀਤ ਦੇ ਸੁਰ ‘ਤੇ ਨੱਚਦੀ ਦਿਖਾਈ ਦਿੱਤੀ ਹੈ। ਇਸ 15 ਸੈਕਿੰਡ ਦੀ ਵਾਇਰਲ ਵੀਡੀਓ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ, ਪਵਿੱਤਰ ਧਾਰਮਿਕ ਅਸਥਾਨਾਂ ‘ਤੇ ਇਸ ਕਿਸਮ ਦੀ ਵੀਡੀਓ ਬਣਾਉਣਾ ਮੰਦਭਾਗੀ ਹੈ। ਇਹ ਮਾਮਲਾ ਉਸ ਦੇ ਧਿਆਨ ਵਿੱਚ ਆਇਆ ਹੈ ਅਤੇ ਉਹ ਇਸ ‘ਤੇ ਕਾਰਜਵਾਈ ਜਰੂਰ ਕਰਨਗੇ।
ਸਰਵਿਸਮੈਨ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰੋਵਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ ਰਹਿੰਦੇ ਹਨ। ਇਸ ਦੇ ਬਾਵਜੂਦ ਸ਼ਰਾਰਤੀ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਐਸਜੀਪੀਸੀ ਨੇ ਕਈ ਥਾਵਾਂ ਤੇ ਬੋਰਡ ਲਗਾਏ ਹਨ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹੀਆਂ ਵੀਡੀਓ ਨਹੀਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ, ਉਹ ਇਸ ਮਾਮਲੇ ਵਿੱਚ ਪ੍ਰਬੰਧਕਾਂ ਦਾ ਸਾਥ ਦੇਣ।
ਐਸਜੀਪੀਸੀ ਦੇ ਬੁਲਾਰੇ ਕੁਲਵਿੰਦਰ ਸਿੰਘ ਨੇ ਕਿਹਾ ਕਿ, ਐਸਜੀਪੀਸੀ ਨੇ ਅਜਿਹੀਆਂ ਵੀਡੀਓ ਬਣਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪਿਛਲੇ ਸਾਲ ਵੀ, ਇੱਕ ਅਜਿਹਾ ਵੀਡੀਓ ਟਿਕਟਕੌਕ ਤੇ ਅਪਲੋਡ ਕੀਤਾ ਗਿਆ ਸੀ। ਬਾਅਦ ਵਿੱਚ ਦੋਵਾਂ ਲੜਕੀਆਂ ਨੇ ਕੇਸ ਵਿੱਚ ਮੁਆਫੀ ਮੰਗ ਲਈ ਸੀ।


