ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਿਚ ਬਹੁਤ ਜਲਦ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਮਿਹਨਤੀ ਅਤੇ ਸ਼ੋ੍ਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਨੌਜੁਆਨਾਂ ਨੂੰ ਅੱਗੇ ਲਿਆਂਦਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਪਾਰਟੀ ਦਫ਼ਤਰ ਵਿਚ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪੰਜਾਬ ਦੇ ਹਰ ਹਲਕੇ ਵਿਚ ਜਾਣਗੇ ਅਤੇ ਹਰ ਹਲਕੇ ਦੇ ਨੌਜੁਆਨਾਂ ਨਾਲ ਗੱਲਬਾਤ ਕਰਕੇ ਪੰਜਾਬ ਦੀ ਖ਼ੁਸ਼ਹਾਲੀ ਲਈ ਕੰਮ ਕਰਨਗੇ। ਮਾਲੇਰਕੋਟਲਾ ਹਲਕੇ ਵਿਚ ਯੂਥ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਮੀਡੀਆ ਸਕੱਤਰ ਵਰਗੇ ਕਈ ਅਹੁਦਿਆਂ ਉਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਵਿਚ ਨਿਯੁਕਤੀਆਂ ਨਹੀਂ ਹੋਈਆਂ ਜਦਕਿ ਵੱਡੇ ਪੈਮਾਨੇ ਉਪਰ ਨੌਜੁਆਨ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਵਰਕਰਾਂ ਨੂੰ ਤਕੜੇ ਹੋ ਕੇ ਲੋਕਾਂ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਹੜਾ ਕੋਈ ਨੌਜੁਆਨ ਪਾਰਟੀ ਦੇ ਅਹੁਦੇਦਾਰੀਆਂ ਉਪਰ ਕੰਮ ਕਰਨ ਦੀ ਇੱਛਾ ਰੱਖਦਾ ਹੈ, ਉਹ ਖੁੱਲ੍ਹੇ ਤੌਰ ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰ ਸਕਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫ਼ੇਲ੍ਹ ਹੋ ਚੁੱਕੀ ਹੈ। ਬਿਜਲੀ ਵਾਲੇ ਵਾਅਦੇ ਤੋਂ ਇਲਾਵਾ ਇਸ ਪਾਰਟੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹੜ੍ਹਾਂ ਵਿਚ ਲੋਕਾਂ ਦੀ ਮਦਦ ਕਰਨ ਅਤੇ ਸਹਾਇਤਾ ਦੇਣ ਵਿਚ ਇਹ ਪਾਰਟੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਆਉਣ ਵਾਲਾ ਸਮਾਂ ਸ਼ੋ੍ਮਣੀ ਅਕਾਲੀ ਦਲ ਦਾ ਹੈ ਕਿਉਂਕਿ ਲੋਕ ਹੁਣ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ਨੂੰ ਯਾਦ ਕਰਨ ਲੱਗ ਪਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮੁਹੰਮਦ ਮੁਸ਼ਤਾਕ, ਮੁਹੰਮਦ ਮਹਿਮੂਦ ਗੋਲਡਨ, ਚੌਧਰੀ ਮੁਹੰਮਦ ਸ਼ਮਸ਼ਾਦ, ਰਵੀ ਬੱਗਣ, ਗੁਰਪ੍ਰੀਤ ਸਿੰਘ ਢੀਂਡਸਾ, ਚੌਧਰੀ ਮੁਹੰਮਦ ਰਿਜ਼ਵਾਨ, ਉਦਯੋਗਪਤੀ ਅਮਜਦ ਅਲੀ, ਕਾਲਾ ਕੁਠਾਲਾ, ਚੌਧਰੀ ਮੁਹੰਮਦ ਅਸਲਮ ਡੇਕਾਂਵਾਲਾ, ਫ਼ੈਸਲਾ ਖ਼ਾਨ, ਮੁਹੰਮਦ ਸੱਤਾਰ ਅਤੇ ਮੁਹੰਮਦ ਇਸ਼ਤਿਆਕ ਸਣੇ ਕਈ ਅਕਾਲੀ ਨੇਤਾ ਤੇ ਵਰਕਰ ਹਾਜ਼ਰ ਸਨ।
