ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਨਿਰਮਾਣ ਕਾਰਜਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਦੋਵੇ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ਦੇ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸੇ ਵਿਵਾਦ ਨੂੰ ਸੁਲਝਾਉਣ ਅਤੇ ਤਣਾਅ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਗੱਲਬਾਤ ਕਰਨਗੇ।
ਮੀਡੀਆ ਰਿਪੋਰਟਾਂ ਅਨੁਸਾਰ 6 ਜੂਨ ਨੂੰ ਲੇਹ ਸਥਿਤ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਇਸ ਮਾਮਲੇ ਨੂੰ ਸਲਝਾਉਣ ਲਈ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕਰਨਗੇ। ਦੋਵਾਂ ਦੇ ਫੌਜੀ ਅਧਿਕਾਰੀਆਂ ਵਿਚਾਲੇ ਪਹਿਲਾਂ ਵੀ 10 ਤੋਂ ਜ਼ਿਆਦਾ ਦੌਰ ਦੀ ਵਾਰਤਾ ਹੋ ਚੁੱਕੀ ਹੈ। ਬੀਤੇ ਮੰਗਲਵਾਰ ਨੂੰ ਵੀ ਦੋਵਾਂ ਪੱਖਾਂ ਦੇ ਅਧਿਕਾਰੀਆਂ ਨੇ ਗੱਲਬਾਤ ਕੀਤੀ ਸੀ ਪਰ ਕੋਈ ਨਤੀਜ਼ਾਂ ਨਹੀਂ ਨਿਕਲ ਸਕਿਆ ਸੀ। ਦਰਅਸਲ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੁਆਰਾ ਪੂਰਬੀ ਲੱਦਾਖ ਖੇਤਰ ਵਿਚ ਭਾਰੀ ਫੌਜੀ ਨਿਰਮਾਣ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਵੱਧਦਾ ਜਾ ਰਿਹਾ ਹੈ। ਚੀਨ ਉੱਤੇ ਆਰੋਪ ਇਹ ਵੀ ਹੈ ਕਿ ਉਹ ਪੂਰਬੀ ਲੱਦਾਖ ਖੇਤਰ ਵਿਚ 5 ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਲੈ ਕੇ ਆਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਲੱਦਾਖ ਦੇ ਕੁੱਝ ਖੇਤਰਾਂ ਵਿਚ ਚੀਨੀ ਸੈਨਿਕ ਭਾਰਤੀ ਇਲਾਕੇ ਦੇ ਅੰਦਰ ਆ ਗਏ ਹਨ ਪਰ ਭਾਰਤੀ ਸੈਨਿਕਾਂ ਦੀ ਤਾਇਨਾਤੀ ਕਾਰਨ ਉਨ੍ਹਾਂ ਦੇ ਹੌਸਲੇ ਪਸਤ ਹੋ ਗਏ ਹਨ। ਇੰਨਾ ਹੀ ਨਹੀਂ ਚੀਨ ਆਪਣੇ ਭਾਰੀ ਵਾਹਨਾਂ, ਤੋਪਖਾਨੇ ਦੀਆਂ ਬੰਦੂਕਾਂ ਅਤੇ ਸੈਨਾ ਦੇ ਲੜਾਕੂ ਜਹਾਜ਼ਾਂ ਨਾਲ ਭਾਰਤੀ ਇਲਾਕੇ ਦੇ ਕਰੀਬ ਪਹੁੰਚ ਗਿਆ ਹੈ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਵੀਕਾਰ ਕੀਤਾ ਹੈ ਕਿ ਲੱਦਾਖ ਵਿਚ ਚੀਨੀ ਸੈਨਾ ਵੱਡੀ ਸੰਖਿਆ ਵਿਚ ਪ੍ਰਵੇਸ਼ ਕਰ ਗਈ ਹੈ ਅਤੇ ਹੁਣ ਭਾਰਤ ਨੇ ਵੀ ਚੀਨੀ ਫੌਜੀਆਂ ਨਾਲ ਮੋਰਚਾ ਲੈਣ ਲਈ ਸਾਰੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਮੌਜੂਦਾ ਸਥਿਤੀ ਵਿਚ ਕਿਸੇ ਵੀ ਕੀਮਤ ਉੱਤੇ ਇਕ ਕਦਮ ਪਿੱਛੇ ਨਹੀਂ ਹੱਟੇਗਾ।

