ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਈ ਦੀ ਸ਼ੁਰੂਆਤ ਤੋਂ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਚੱਲ ਰਹੇ ਤਣਾਅ ਵਿਚ ਹੁਣ ਕੁੱਝ ਨਰਮੀ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਨੇ ਗੱਲਬਾਤ ਮਗਰੋਂ ਵਿਵਾਦ ਵਾਲੇ ਇਲਾਕਿਆਂ ਤੋਂ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ ਹੈ। ਪਿੱਛੇ ਹੱਟਣ ਦੀ ਇਹ ਪ੍ਰੀਕਿਰਿਆ ਅਗਲੇ ਕੁੱਝ ਦਿਨਾਂ ਵਿਚ ਪੂਰੀ ਹੋ ਜਾਵੇਗੀ।
Under the mutual disengagement, both sides will disengage and move back by 1-1.5 km from the friction points. The two Armies are likely to hold further talks after the disengagement process is completed: Indian Army Sources
— ANI (@ANI) July 7, 2020
ਖਬਰ ਏਜੰਸੀ ਏਐਨਆਈ ਨੇ ਆਰਮੀ ਸੂਤਰਾਂ ਦੇ ਹਵਾਲਿਓ ਦੱਸਿਆ ਹੈ ਕਿ ਚੀਨ ਅਤੇ ਭਾਰਤੀ ਸੈਨਾ ਵਿਚਾਲੇ ਪਿੱਛੇ ਹੱਟਣ ਦੀ ਪ੍ਰਕਿਰਿਆ ਹਾਟ ਸਪ੍ਰਿੰਗ ਅਤੇ ਗੋਗਰਾ ਇਲਾਕੇ ਵਿਚੋਂ ਬੀਤੇ ਦਿਨ ਸ਼ੁਰੂ ਹੋਈ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਇਹ ਪੂਰੀ ਹੋ ਜਾਵੇਗੀ। ਚੀਨੀ ਸੈਨਿਕਾਂ ਨੇ ਬੀਤੇ ਕੱਲ੍ਹ ਤੋਂ ਇੱਥੇ ਬਣਾਏ ਆਪਣੇ ਢਾਚੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਏਐਨਆਈ ਮੁਤਾਬਕ ਸਮਝੌਤੇ ਦੇ ਤਹਿਤ ਦੋਵੇਂ ਪੱਖ ਵਿਵਾਦਿਤ ਇਲਾਕੇ ਤੋਂ 1 ਤੋਂ ਡੇਢ ਕਿਲੋਮੀਟਰ ਪਿੱਛੇ ਹੱਟਣਗੇ ਅਤੇ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਅੱਗੇ ਦੀ ਦਿਸ਼ਾ ਤੈਅ ਕਰਨ ਲਈ ਦੁਬਾਰਾ ਗੱਲਬਾਤ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੂ ਦਰਮਿਆਨ ਫੋਨ ਉੱਤੇ ਗੱਲਬਾਤ ਹੋਈ ਸੀ ਜਿਸ ਦਾ ਨਤੀਜਾ ਵੀ ਹੁਣ ਸਾਹਮਣੇ ਆਉਣ ਲੱਗਿਆ ਹੈ। ਸੂਤਰਾਂ ਅਨੁਸਾਰ ਇੰਨੇ ਦਿਨਾਂ ਤੋਂ ਐਲਏਸੀ ਉੱਤੇ ਸਖਤ ਰੁਖ ਅਪਣਾ ਕੇ ਰੱਖਣ ਵਾਲੇ ਚੀਨ ਦਾ ਫੈਸਲਾ ਭਾਰਤ ਦੇ ਜਵਾਬੀ ਹਮਲਾਵਰ ਰਵੱਈਏ ਤੋਂ ਬਾਅਦ ਆਇਆ ਹੈ। ਹਾਲਾਂਕਿ ਇਹ ਕਹਿਣਾ ਵੀ ਅਜੇ ਮੁਸ਼ਕਿਲ ਹੈ ਕਿ ਚੀਨੀ ਸੈਨਾ ਵਿਵਾਦਤ ਸਥਾਨ ਤੋਂ ਕਿੰਨਾ ਪਿੱਛੇ ਹੱਟੀ ਹੈ। ਇਸ ਦਾ ਸਟੀਕ ਤੌਰ ਉੱਤੇ ਪਤਾ ਵੈਰੀਫਿਕੇਸ਼ਨ ਪ੍ਰਕਿਰਿਆ ਵਿਚ ਹੀ ਪਤਾ ਚੱਲ ਪਾਵੇਗਾ। ਉੱਥੇ ਹੀ ਭਾਰਤ ਵੀ ਚੀਨੀ ਉੱਤੇ ਤਿੱਖੀ ਨਜ਼ਰ ਬਣਾ ਕੇ ਰੱਖ ਰਿਹਾ ਹੈ। ਇਸ ਤੋਂ ਇਲਾਵਾ ਪੈਂਗੌਗ ਝੀਲ ਦੇ ਫਿੰਗਰ ਖੇਤਰ ਤੋਂ ਚੀਨੀ ਸੈਨਿਕ ਪਿੱਛੇ ਹੱਟੇ ਹਨ ਜਾਂ ਫਿਰ ਨਹੀਂ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਦੱਸ ਦਈਏ ਕਿ ਇੱਥੇ ਫਿੰਗਰ 4 ਤੋਂ ਫਿੰਗਰ 8 ਤੱਕ ਚੀਨੀ ਸੈਨਾ ਨੇ ਵੱਡੇ ਪੱਧਰ ਉੱਤੇ ਜਮਾਵੜਾ ਕੀਤਾ ਹੋਇਆ ਹੈ।
