ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਭਾਰਤ ਅਤੇ ਚੀਨ ਦਰਮਿਆਨ ਤਣਾਅਪੂਰਨ ਸਥਿਤੀ ਬਣੀ ਹੋਈ ਹੈ।ਦੋਵਾਂ ਦੇਸ਼ਾਂ ਦੇ ਸੈਨਿਕ ਇੱਕ ਦੂਜੇ ਦੇ ਸਾਹਮਣੇ ਆਏ ਹੋਏ ਹਨ। ਉੱਥੇ ਹੀ ਹੁਣ ਭਾਰਤ ਨੇ ਚਾਲਬਾਜ ਚੀਨ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਦਰਅਸਲ ਭਾਰਤੀ ਸੈਨਾ ਨੇ ਛੇ ਟੀ-90 ਭੀਸ਼ਮ ਮਿਸਾਇਲ ਫਾਇਰਿੰਗ ਟੈਂਕ ਅਤੇ ਟਾਪ ਆਫ ਦੀ ਲਾਈਨ ਸ਼ੋਲਡਰ ਫਾਇਰ ਟੈਂਕ-ਵਿਰੋਧੀ ਮਿਸਾਈਲ ਸਿਸਟਮ ਨੂੰ ਗਲਵਾਨ ਘਾਟੀ ਵਿਚ ਤਾਇਨਾਤ ਕਰ ਲਿਆ ਹੈ।
ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੇ ਐਲਏਸੀ ਉੱਤੇ ਏਅਰ ਡਿਫੈਂਸ ਸਿਸਟਮ ਤਾਇਨਾਤ ਕੀਤਾ ਸੀ, ਜਿਸ ਵਿਚ ਆਕਾਸ਼ ਮਿਜ਼ਾਈਲ ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੂਰੇ ਸੈਕਟਰ ਵਿਚ ਐਡਵਾਸ ਕਵੀਕ ਰਿਐਕਸ਼ਨ ਵਾਲਾ ਸਰਫੇਸ-ਟੂ-ਏਅਰ(ਜ਼ਮੀਨ ਤੋਂ ਹਵਾ) ਮਿਜ਼ਾਈਲ ਡਿਫੈਂਸ ਸਿਸਟਮ ਮੌਜੂਦ ਹੈ, ਜੋ ਚੀਨ ਦੇ ਕਿਸੇ ਵੀ ਲੜਾਕੂ ਜਹਾਜ਼ ਨੂੰ ਸੈਕਿੰਡਾ ਵਿਚ ਤਬਾਹ ਕਰ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਨੇ ਸਰਹੱਦ ਉੱਤੇ ਹਾਵਿਤਜ਼ਰ ਤੋਪਾਂ, ਸੈਨਾ ਲਈ ਵਾਹਨਾਂ ਅਤੇ ਲਗਭਗ 10 ਹਜ਼ਾਰ ਵਾਧੂ ਸੈਨਿਕ ਤਾਇਨਾਤ ਕੀਤੇ ਹੋਏ ਹਨ।
ਦੋਵਾਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ ਬੈਠਕ ਸ਼ੁਰੂ
ਜਿੱਥੇ ਇਕ ਪਾਸੇ ਚੀਨ ਦੀ ਹਰ ਹਰਕਤ ਦਾ ਜਵਾਬ ਦੇਣ ਲਈ ਭਾਰਤ ਨੇ ਐਲਏਸੀ ਉੱਤੇ ਫੌਜੀ ਗਤੀਵਿਧੀਆਂ ਤੇਜ਼ ਕੀਤੀਆਂ ਹੋੋਈਆਂ ਹਨ ਉੱਥੇ ਹੀ ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਵੀ ਸਲਝਾਉਣ ਦੀ ਕੋਸ਼ਿਸ਼ਾਂ ਜਾਰੀ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅੱਜ ਮੰਗਲਵਾਰ ਨੂੰ ਭਾਰਤ ਅਤੇ ਚੀਨ ਦੇ ਕਮਾਂਡਰ ਪੱਧਰ ਦੇ ਫੌਜੀ ਅਧਿਕਾਰੀਆਂ ਦਰਮਿਆਨ ਐਲਏਸੀ ਕੋਲ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਚੁਸ਼ੂਲ ਵਿਚ ਤੀਜੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੋ ਬੈਠਕਾਂ ਚੀਨ ਵੱਲ ਮੋਲਡੋ ਵਿਚ ਹੋਈ ਸਨ। ਬੈਠਕ ਦਾ ਏਜੰਡਾ ਦੋਵਾਂ ਦੇਸ਼ਾਂ ਵਿਚ ਫੌਜਾਂ ਨੂੰ ਪਿੱਛੇ ਹਟਾਉਣ ‘ਤੇ ਹੋਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ। ਮੀਟਿੰਗ ਵਿਚ ਭਾਰਤ ਦਾ ਪੱਖ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਰੱਖ ਰਹੇ ਹਨ ਜਦਕਿ ਚੀਨ ਵੱਲੋਂ ਜ਼ਿੰਮੇਵਾਰੀ ਮੇਜਰ ਜਨਰਲ ਲੁਈ ਲਿਨ ਨੇ ਸੰਭਾਈ ਹੋਈ ਹੈ।

