ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਜਲਸੈਨਾ ਦੇ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਕੌਂਸਲਰ ਅਕਸੈਸ ਨੂੰ ਲੈ ਕੇ ਅੱਜ ਵੀਰਵਾਰ ਨੂੰ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ। ਸੂਤਰਾ ਅਨੁਸਾਰ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਜਾਧਵ ਮਾਮਲੇ ਵਿਚ ਬਿਨਾ ਕਿਸੇ ਸ਼ਰਤ ਕਾਊਂਸਲਰ ਅਕਸੈਸ ਦੇਵੇ।
ਕੌਂਸਲਰ ਅਕਸੈਸ ਮੁਤਾਬਕ ਭਾਰਤ ਦੀ ਮੰਗ ਰਹੀ ਹੈ ਕਿ ਜਾਧਵ ਨਾਲ ਭਾਰਤ ਦੇ ਦੋ ਅਧਿਕਾਰੀਆਂ ਨੂੰ ਮਿਲਣ ਦਿੱਤਾ ਜਾਵੇ। ਗੱਲਬਾਤ ਦੀ ਭਾਸ਼ਾ ਅੰਗ੍ਰੇਜੀ ਨਾ ਤੈਅ ਕੀਤੀ ਜਾਵੇ ਅਤੇ ਵਕੀਲ ਵੀ ਪਾਕਿਸਤਾਨ ਤੋਂ ਬਾਹਰ ਦਾ ਕਰਨ ਦਿੱਤਾ ਜਾਵੇ। ਦੱਸ ਦਈਏ ਕਿ ਪਾਕਿਸਤਾਨ ਨੇ ਪਿਛਲੇ ਦਿਨਾਂ ਵਿਚ ਦਾਅਵਾ ਕੀਤਾ ਸੀ ਕਿ ਕੁਲਭੂਸ਼ਣ ਜਾਧਵ ਨੇ ਕੋਰਟ ਵਿਚ ਰਿਵਿਊ ਪਟੀਸ਼ਨ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਮਰਸੀ ਪਟੀਸ਼ਨ(ਰਹਿਮ ਦੀ ਅਪੀਲ) ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ, ਉੱਥੇ ਹੀ ਪਾਕਿਸਤਾਨ ਨੇ ਜਾਧਵ ਨੂੰ ਦੂਜਾ ਕੌਂਸਲਰ ਅਕਸੈਸ ਦੇਣ ਦਾ ਪ੍ਰਸਤਾਵ ਭਾਰਤ ਨੂੰ ਭੇਜਿਆ ਹੈ ਅਤੇ ਜਾਧਵ ਦੇ ਪਿਤਾ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਬਾਰੇ ਪੂਰੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਜਾਸੂਸੀ ਕਰਨ ਦੇ ਆਰੋਪਾਂ ਅਧੀਨ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ ਅਤੇ ਸਾਲ 2017 ਵਿਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ।ਹਾਲਾਂਕਿ ਭਾਰਤ ਨੇ ਪਾਕਿਸਤਾਨ ਦੁਆਰਾ ਜਾਧਵ ਉੱਤੇ ਲਗਾਏ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਸਜ਼ਾ ਖਿਲਾਫ ਅੰਤਰਰਾਸ਼ਟਰੀ ਕੋਰਟ ਵਿਚ ਚੱਲਿਆ ਗਿਆ ਸੀ, ਜਿੱਥੇ ਕੋਰਟ ਨੇ ਭਾਰਤ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਜਾਧਵ ਦੀ ਸਜ਼ਾ ਦੀ ਸਮੀਖਿਆ ਅਤੇ ਉਸ ਨੂੰ ਜਲਦੀ ਤੋਂ ਜਲਦੀ ਕੌਂਸਲਰ ਅਕਸੈਸ ਦੇਣ ਦਾ ਹੁਕਮ ਦਿੱਤਾ ਸੀ ਪਰ ਅੰਤਰਰਾਸ਼ਟਰੀ ਕੋਰਟ ਨੇ ਪਾਕਿਸਤਾਨੀ ਫੌਜੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਅਤੇ ਜਾਧਵ ਦੀ ਰਿਹਾਈ ਸਮੇਤ ਭਾਰਤ ਦੀ ਕਈਂ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ।
