ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਅਤੇ ਪੁੱਤਰ ਦੀ ਵੀ ਕੋਰੋਨਾ ਰਿਪੋਰਟ ਆ ਗਈ ਹੈ ਜੋ ਕਿ ਪਾਜ਼ੀਟਿਵ ਪਾਈ ਗਈ ਹੈ। ਹਾਲਾਂਕਿ ਉਨ੍ਹਾਂ ਦੀ ਤਬੀਅਤ ਠੀਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਤ੍ਰਿਪਤ ਬਾਜਵਾ ਦੀ ਸਿਹਤ ਵਿਚ ਵੀ ਸੁਧਾਰ ਦੱਸਿਆ ਜਾ ਰਿਹਾ ਹੈ।
ਦਰਅਸਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਬਾਕੀ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਲਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਰਤਨੇਸ਼ਵਰ ਕੌਰ ਅਤੇ ਪੁੱਤਰ ਰਵੀਨੰਦਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੋਵਾਂ ਦੋ ਸਿਹਤ ਠੀਕ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਸਲਾਹ ਉੱਤੇ ਉਹ ਘਰ ਵਿਚ ਹੀ 14 ਦਿਨ ਇਕਾਂਤਵਾਸ ਰਹਿਣਗੇ। ਉੱਧਰ ਦੂਜੇ ਪਾਸੇ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਭਰਤੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਿਹਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਪ੍ਰਾਈਵੇਟ ਰੂਮ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਬਾਜਵਾ ਦਾ ਕੋਵਿਡ ਟੈਸਟ ਕੀਤਾ ਗਿਆ ਸੀ ਜੋ ਕਿ ਨੈਗੇਟਿਵ ਆਇਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਦਾ ਇਕ ਹੋਰ ਟੈਸਟ ਕੀਤਾ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਬਾਜਵਾ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਬੀਤੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੰਤਰੀਆਂ ਦਾ ਟੈਸਟ ਕੀਤਾ ਗਿਆ ਸੀ ਅਤੇ ਸੀਐਮ ਕੈਪਟਨ ਦੀ ਰਿਪੋਰਟ ਨੈਗੇਟਿਵ ਆਈ ਸੀ।
