ਗੁਰਦਾਸਪੁਰ : ਇਹ ਕਹਾਣੀ ਦੇਸ਼ ਭਗਤੀ, ਵਫ਼ਾਦਾਰੀ ਅਤੇ ਬੇਜ਼ੁਬਾਨ ਜਾਨਵਰਾਂ ਪ੍ਰਤੀ ਅਥਾਹ ਪਿਆਰ ਦੀ ਇੱਕ ਅਨੋਖੀ ਮਿਸਾਲ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਰਿਟਾਇਰਡ ਸੂਬੇਦਾਰ ਮੇਜਰ ਹਰਜੀਤ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੀ ਨੇਕ ਕਮਾਈ ਦਾ ਇੱਕ ਵੱਡਾ ਹਿੱਸਾ ਬੇਸਹਾਰਾ ਅਤੇ ਜ਼ਖ਼ਮੀ ਜਾਨਵਰਾਂ ਦੇ ਇਲਾਜ ਅਤੇ ਖ਼ੁਰਾਕ ‘ਤੇ ਖਰਚ ਕਰ ਰਹੇ ਹਨ। ਉਨ੍ਹਾਂ ਦੇ ਅੰਦਰ ਬੇਜ਼ੁਬਾਨਾਂ ਦੀ ਸੇਵਾ ਦਾ ਇਹ ਜਜ਼ਬਾ ਭਾਰਤੀ ਸੈਨਾ ਦੇ ਇੱਕ ਵਫ਼ਾਦਾਰ ਕੁੱਤੇ ‘ਜਿੰਮੀ’ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਇਆ ਸੀ, ਜਿਸ ਨੇ ਆਪਣੀ ਜਾਨ ਦੇ ਕੇ 19 ਫ਼ੌਜੀ ਜਵਾਨਾਂ ਦੀ ਰੱਖਿਆ ਕੀਤੀ ਸੀ।
ਸੂਬੇਦਾਰ ਮੇਜਰ ਹਰਜੀਤ ਸਿੰਘ ਦੱਸਦੇ ਹਨ ਕਿ ਇਹ ਸਿਲਸਿਲਾ ਸਾਲ 1998 ਵਿੱਚ ਜੰਮੂ-ਕਸ਼ਮੀਰ ਦੇ ਕੁਪਵਾੜਾ ਇਲਾਕੇ ਤੋਂ ਸ਼ੁਰੂ ਹੋਇਆ ਸੀ। ਇੱਕ ਅਪਰੇਸ਼ਨ ਦੌਰਾਨ ਉਨ੍ਹਾਂ ਦੀ ਫ਼ੌਜੀ ਟੁਕੜੀ ਨੂੰ ਜੰਗਲ ਵਿੱਚ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ। ਜਦੋਂ 19 ਜਵਾਨਾਂ ਦੀ ਟੀਮ ਨੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਅੱਤਵਾਦੀ ਸੰਘਣੇ ਜੰਗਲ ਦਾ ਫਾਇਦਾ ਉਠਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ।
ਉਸੇ ਵੇਲੇ ਫ਼ੌਜ ਦੇ ‘ਜਿੰਮੀ’ ਨਾਮਕ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਨੇ ਅੱਤਵਾਦੀਆਂ ਦੀ ਲੋਕੇਸ਼ਨ ਟ੍ਰੇਸ ਕਰਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਜਿੰਮੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਸ਼ਹੀਦ ਹੋ ਗਿਆ। ਪਰ ਜਿੰਮੀ ‘ਤੇ ਚੱਲੀਆਂ ਗੋਲੀਆਂ ਦੀ ਆਵਾਜ਼ ਕਾਰਨ ਫ਼ੌਜ ਨੂੰ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲੱਗ ਗਿਆ ਅਤੇ ਜਵਾਨਾਂ ਨੇ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਹਰਜੀਤ ਸਿੰਘ ਭਾਵੁਕ ਹੋ ਕੇ ਕਹਿੰਦੇ ਹਨ, “ਜੇਕਰ ਉਸ ਦਿਨ ਜਿੰਮੀ ਨਾ ਹੁੰਦਾ, ਤਾਂ ਸਾਡੇ ਵਿੱਚੋਂ ਕੋਈ ਵੀ ਜਿਉਂਦਾ ਨਾ ਬਚਦਾ।”
ਇਸ ਇਤਿਹਾਸਕ ਘਟਨਾ ਤੋਂ ਬਾਅਦ ਹਰਜੀਤ ਸਿੰਘ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਅਤੇ ਉਨ੍ਹਾਂ ਨੇ ਬੇਜ਼ੁਬਾਨਾਂ ਦੀ ਸੇਵਾ ਨੂੰ ਹੀ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਉਹ ਹੁਣ ਤੱਕ ਕਰੀਬ 10,000 ਤੋਂ ਵੱਧ ਕੁੱਤਿਆਂ ਅਤੇ ਹੋਰ ਜਾਨਵਰਾਂ ਦਾ ਇਲਾਜ ਕਰਕੇ ਉਨ੍ਹਾਂ ਦੀ ਜਾਨ ਬਚਾ ਚੁੱਕੇ ਹਨ। ਉਨ੍ਹਾਂ ਦੀ ਗੱਡੀ ਅਤੇ ਦੋਪਹੀਆ ਵਾਹਨ ਵਿੱਚ ਹਮੇਸ਼ਾ ਇੱਕ ਫਸਟ-ਏਡ ਕਿੱਟ ਮੌਜੂਦ ਰਹਿੰਦੀ ਹੈ। ਰਾਹ ਚੱਲਦਿਆਂ ਜੇਕਰ ਕੋਈ ਵੀ ਜਾਨਵਰ ਜ਼ਖ਼ਮੀ ਜਾਂ ਬੀਮਾਰ ਦਿਖਾਈ ਦੇਵੇ, ਤਾਂ ਉਹ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



