ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਉਵੇਂ-ਉਵੇਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਲੀਡਰਾਂ ਵਲੋਂ ਪਾਰਟੀ ਦੇ ਹੱਕ ਵਿਚ ਅਤੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸੇ ਦੌਰਾਨ ਚੰਡੀਗੜ੍ਹ ਵਿਚ ਕਾਂਗਰਸ ਭਵਨ ਵਿਖੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿਚ ਏ.ਆਈ.ਸੀ.ਸੀ. ਮੀਡੀਆ ਇੰਚਾਰਜ ਪਵਨ ਖੇੜਾ ਵੀ ਮੌਜੂਦ ਸਨ। ਸੁਨੀਲ ਜਾਖੜ ਵਲੋਂ ਭਾਜਪਾ ‘ਤੇ ਤਿੱਖੇ ਹਮਲੇ ਬੋਲੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਗਠਜੋੜ ਵਾਲੀਆਂ ਪਾਰਟੀਆਂ ‘ਚੋਂ ਚਾਹੇ ਕੋਈ ਵੀ ਪਾਰਟੀ ਦਾ ਬਟਨ ਦਬਾ ਦਿਓ ਵੋਟ ਭਾਜਪਾ ਨੂੰ ਹੀ ਜਾਏਗੀ। ਭਾਜਪਾ ਨੇ ਸੌਤੇਲੀ ਮਾਂ ਜਿਹਾ ਸਲੂਕ ਪੰਜਾਬ ਨਾਲ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। Also Read : ਏਅਰਟੈੱਲ ਦੀ ਸਰਵਿਸ ਪੂਰੇ ਦੇਸ਼ ‘ਚ ਠੱਪ, ਇੰਟਰਨੈੱਟ ਦਾ ਆਨੰਦ ਨਹੀਂ ਲੈ ਪਾ ਰਹੇ ਯੂਜ਼ਰਸ
ਉਨ੍ਹਾਂ ਕਿਹਾ ਕਿ ਜੇ ਵੋਟਾਂ ਭਾਜਪਾ ਦੇ ਹੱਕ ਵਿਚ ਹੀ ਪਾਉਣੀਆਂ ਹਨ ਤਾਂ ਸਿੱਧੀ ਉਨ੍ਹਾਂ ਨੂੰ ਵੋਟ ਪਾਓ ਇਹ ਏਜੰਟ ਕਿਉਂ ਰੱਖੇ ਹਨ। ਇਸ ਦੌਰਾਨ ਸੁਨੀਲ ਜਾਖੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨੇ ਵਿੰਨੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਇਹੀ ਗੱਲ ਕਹਿ ਰਹੇ ਸਨ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨਗੇ ਕਿਉਂਕਿ ਲੋਕਾਂ ਵਿਚ ਇੰਨੀਆਂ ਪਾਰਟੀਆਂ ਹੋਣ ਕਾਰਨ ਭੰਬਲਭੂਸੇ ਵਾਲੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਲੋਕਾਂ ਨੇ ਹੀ ਸਮਝਣਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਉਣੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤਾਂ ਹੋ ਗਈਆਂ ਅਤੇ ਉਨ੍ਹਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਣੀ ਚਾਹੀਦੀ। ਇਸ ਮੌਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਸੀ।



