ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਦੇ ਡਾਟਾ ਤੋਂ ਇਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਵਿੱਚ 10 ਸਾਲਾਂ ਵਿੱਚ 10000 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਪੁਲਿਸ ਅੰਕੜਿਆ ਮੁਤਾਬਿਕ ਜਲੰਧਰ ਵਿੱਚ ਸਭ ਤੋਂ ਵੱਧ ਵਧੇਰੇ ਲੋਕ ਲਾਪਤਾ ਹੋਏ ਹਨ। ਪੁਲਿਸ ਕੋਲ ਹੁਣ ਤੱਕ 9881 ਗੁੰਮਸ਼ੁਦਗੀ ਦੀਆਂ ਸ਼ਿਕਾਇਤ ਆਈਆਂ ਹਨ। ਇਨ੍ਹਾਂ ਵਿੱਚ ਇਕੱਲੇ ਦੋਆਬਾ ਵਿੱਚ ਹੀ 4518 ਗੁੰਮਸ਼ੁਦਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 4 ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ ਵਿਚ 1490, ਜਲੰਧਰ ਸ਼ਹਿਰੀ ਵਿਚ 688, ਜਲੰਧਰ ਦਿਹਾਤੀ ਵਿਚ 1626, ਕਪੂਰਥਲਾ ਵਿਚ 361 ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 353 ਲੋਕ ਗੁੰਮ ਹਨ। ਗੁੰਮਸ਼ੁਦਗੀ ਦੇ ਮਾਮਲੇ ’ਚ ਪੂਰੇ ਪੰਜਾਬ ਭਰ ਵਿਚ ਜਲੰਧਰ ਦਿਹਾਤੀ ਪਹਿਲੇ ਤੇ ਹੁਸ਼ਿਆਰਪੁਰ ਦੂਜੇ ਨੰਬਰ ’ਤੇ ਰਿਹਾ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਕੜੇ
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ 365, ਮਾਨਸਾ 483, ਮੋਗਾ 134, ਪਠਾਨਕੋਟ 344, ਪਟਿਆਲਾ 615, ਰੂਪਨਗਰ 138, ਐੱਸਏਐੱਸ ਨਗਰ 175, ਐੱਸਬੀਐੱਸ ਨਗਰ 353, ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ 220, ਅੰਮ੍ਰਿਤਸਰ 224, ਬਰਨਾਲਾ 119, ਫਰੀਦਕੋਟ 287, ਫਾਜ਼ਿਲਕਾ 593, ਹੁਸ਼ਿਆਰਪੁਰ 1490, ਜਲੰਧਰ ਪੁਲਿਸ ਕਮਿਸ਼ਨਰੇਟ 688, ਜਲੰਧਰ ਦਿਹਾਤੀ 1626, ਕਪੂਰਥਲਾ 361, ਲੁਧਿਆਣਾ ਪੁਲਿਸ ਕਮਿਸ਼ਨਰੇਟ 929, ਬਾਰਡਰ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ 593 ਕੇਸ ਫਾਜ਼ਿਲਕਾ ਜ਼ਿਲ੍ਹੇ ’ਚ ਸਾਹਮਣੇ ਆਏ ਹਨ। ਫਿਰੋਜ਼ਪੁਰ ਜ਼ਿਲ੍ਹੇ ’ਚ ਸਿਰਫ਼ 71 ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਪੰਜਾਬ ’ਚ ਸਿਰਫ਼ 9 ਜ਼ਿਲ੍ਹਿਆਂ ਦੇ ਲੋਕ ਘੱਟ ਹੋਏ ਲਾਪਤਾ
ਸਭ ਤੋਂ ਘੱਟ ਲੋਕ ਮਾਲੇਰਕੋਟਲਾ ਜ਼ਿਲ੍ਹੇ ’ਚ ਲਾਪਤਾ ਹੋਏ ਹਨ। ਉਥੇ 2009-2019 ਦੌਰਾਨ ਸਿਰਫ਼ 16 ਲੋਕਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ। ਗੁੰਮਸ਼ੁਦਗੀ ਦੇ ਕੇਸਾਂ ’ਚ 100 ਤੋਂ ਘੱਟ ਗਿਣਤੀ ਵਾਲੇ ਮਾਲੇਰਕੋਟਲਾ ਤੋਂ ਇਲਾਵਾ 8 ਹੋਰ ਜ਼ਿਲ੍ਹਿਆਂ ’ਚ ਦਰਜ ਹੋਏ ਹਨ। ਇਨ੍ਹਾਂ ਵਿਚ ਬਟਾਲਾ ਪੁਲਿਸ ਜ਼ਿਲ੍ਹੇ ਵਿਚ 88, ਬਠਿੰਡਾ ਵਿਚ 70, ਫ਼ਤਹਿਗੜ੍ਹ ਸਾਹਿਬ ਵਿਚ 78, ਫਿਰੋਜ਼ਪੁਰ ਵਿਚ 71, ਗੁਰਦਾਸਪੁਰ ਵਿਚ 89, ਖੰਨਾ ਪੁਲਿਸ ਜ਼ਿਲ੍ਹੇ ਵਿਚ 41, ਲੁਧਿਆਣਾ ਪੇਂਡੂ ਵਿਚ 98, ਸੰਗਰੂਰ ਵਿਚ 88 ਤੇ ਤਰਨਤਾਰਨ ਜ਼ਿਲ੍ਹੇ ਵਿਚ 98 ਲੁਧਿਆਣਾ ਦਿਹਾਤੀ 98, ਮਾਲੇਰਕੋਟਲਾ 16 ਮਾਮਲੇ ਸ਼ਾਮਲ ਹਨ।
ਰੋਜ਼ਾਨਾ ਹੋ ਰਹੇ ਨੇ 3 ਲੋਕ ਲਾਪਤਾ
ਪੁਲਿਸ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ’ਚ 10 ਹਜ਼ਾਰ ਤੋਂ ਜ਼ਿਆਦਾ ਲੋਕ ਲਾਪਤਾ ਹੋਏ ਹਨ। ਪੰਜਾਬ ਵਿਚ ਰੋਜ਼ਾਨਾ 3 ਲੋਕਾਂ ਦੇ ਲਾਪਤਾ ਹੋਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਜੇਕਰ ਇਸ ਰੁਝਾਨ ਨੂੰ ਸਮੇਂ ਸਿਰ ਠੱਲ੍ਹ ਨਾ ਪਾਈ ਤਾਂ ਲੋਕਾਂ ਦੇ ਲਾਪਤਾ ਹੋਣ ਦੇ ਅੰਕੜੇ ਦਾ ਵਾਧਾ ਸਰਕਾਰਾਂ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ।

