ਲਾਸ ਐਨਗਲਜ਼ : ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਭਾਰਤੀ ਮੂਲ ਦੀ ਅਦਾਕਾਰਾ ਮੈਤ੍ਰੇਈ ਰਾਮਾਕ੍ਰਿਸ਼ਨਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜਿੱਥੇ ਦੁਨੀਆ ਭਰ ਵਿੱਚ ਮੈਤ੍ਰੇਈ ਦੀ ਅਦਾਕਾਰੀ ਦੀ ਸ਼ਲਾਘਾ ਹੋ ਰਹੀ ਹੈ, ਉੱਥੇ ਹੀ ਕੁਝ ਸੋਸ਼ਲ ਮੀਡੀਆ ਟ੍ਰੋਲਰਜ਼ ਆਪਣੀਆਂ ਭੈੜੀਆਂ ਟਿੱਪਣੀਆਂ ਨਾਲ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਟ੍ਰੋਲਰ ਨੇ ਮੈਤ੍ਰੇਈ ਸਮੇਤ ਕਈ ਭਾਰਤੀ ਮੂਲ ਦੀਆਂ ਹਾਲੀਵੁੱਡ ਅਦਾਕਾਰਾਵਾਂ ਦੇ ਚਿਹਰਿਆਂ ਦੀ ਤੁਲਨਾ ‘ਕੰਮ ਵਾਲੀ ਬਾਈ’ ਨਾਲ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਜਿਸ ਤੋਂ ਇਹ ਵਿਵਾਦ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਫੈਲ ਗਿਆ। ਮੈਤ੍ਰੇਈ ਨੇ ਸੋਸ਼ਲ ਮੀਡੀਆ ਉੱਤੇ ਉਸ ਦਾ ਬੇਬਾਕੀ ਨਾਲ ਜਵਾਬ ਦਿੱਤਾ ਹੈ।
ਕੀ ਸੀ ਪੂਰਾ ਵਿਵਾਦ?
ਦਰਅਸਲ, ਐਕਸ (ਟਵਿੱਟਰ) ‘ਤੇ ਇੱਕ ਯੂਜ਼ਰ ਨੇ ਮੈਤ੍ਰੇਈ ਰਾਮਾਕ੍ਰਿਸ਼ਨਨ ਦੇ ਨਾਲ ਸੁਪ੍ਰਿਆ ਗਣੇਸ਼ ਅਤੇ ਕੁਝ ਹੋਰ ਭਾਰਤੀ ਮੂਲ ਦੀਆਂ ਅਦਾਕਾਰਾਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਬੇਹੱਦ ਇਤਰਾਜ਼ਯੋਗ ਟਿੱਪਣੀ ਕੀਤੀ। ਉਸ ਨੇ ਲਿਖਿਆ ਕਿ ਇਹ ਅਦਾਕਾਰਾਵਾਂ “ਕੰਮ ਵਾਲੀ ਬਾਈ” ਵਰਗੀਆਂ ਦਿਖਦੀਆਂ ਹਨ ਅਤੇ ਅਜਿਹੇ ਚਿਹਰੇ ਭਾਰਤੀਆਂ ਲਈ ਬਹੁਤ ਆਮ ਹਨ। ਟ੍ਰੋਲਰ ਦਾ ਕਹਿਣਾ ਸੀ ਕਿ ਹਾਲੀਵੁੱਡ ਭਾਰਤੀ ਚਿਹਰਿਆਂ ਨੂੰ ਲੈ ਕੇ ਇੱਕ ਖ਼ਾਸ ਤਰ੍ਹਾਂ ਦੇ ‘ਸਟੀਰੀਓਟਾਈਪ’ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਮੈਤ੍ਰੇਈ ਰਾਮਾਕ੍ਰਿਸ਼ਨਨ ਦਾ ਕਰਾਰਾ ਜਵਾਬ
ਟ੍ਰੋਲਰ ਦੀ ਇਸ ਨਸਲੀ ਅਤੇ ਭੱਦੀ ਟਿੱਪਣੀ ‘ਤੇ ਚੁੱਪ ਰਹਿਣ ਦੀ ਬਜਾਏ, ਮੈਤ੍ਰੇਈ ਨੇ ਉਸ ਨੂੰ ਸ਼ੀਸ਼ਾ ਦਿਖਾਇਆ। ਉਸ ਨੇ ਜਵਾਬ ਵਿੱਚ ਲਿਖਿਆ, “ਹੋਰ ਉੱਚੀ ਰੋ ਲੈ। ਲਗਾਤਾਰ ਚਾਰ-ਚਾਰ ਖ਼ੂਬਸੂਰਤ ਕੁੜੀਆਂ ਨੂੰ ਦੇਖਣਾ ਵਾਕਈ ਤੁਹਾਡੇ ਲਈ ਮੁਸ਼ਕਿਲ ਹੋਵੇਗਾ।” ਅਦਾਕਾਰਾ ਦੇ ਇਸ ਕਰਾਰੇ ਜਵਾਬ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।
‘ਨੇਵਰ ਹੈਵ ਆਈ ਐਵਰ’ ਤੋਂ ਮਿਲੀ ਵੱਡੀ ਪਛਾਣ
ਤੁਹਾਨੂੰ ਦੱਸ ਦੇਈਏ ਕਿ ਮੈਤ੍ਰੇਈ ਰਾਮਾਕ੍ਰਿਸ਼ਨਨ ਨੂੰ ਮਸ਼ਹੂਰ ਨੈੱਟਫਲਿਕਸ ਸੀਰੀਜ਼ (Never Have I Ever)ਵਿੱਚ ‘ਦੇਵੀ’ ਦੇ ਕਿਰਦਾਰ ਤੋਂ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਮਿਲੀ ਸੀ। ਇਸ ਸੀਰੀਜ਼ ਵਿੱਚ ਉਸ ਦੇ ਕਿਰਦਾਰ ਨੂੰ ਭਾਰਤੀ ਅਤੇ ਪੱਛਮੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਸਮੇਂ ਉਸ ਕੋਲ ਕਈ ਵੱਡੇ ਹਾਲੀਵੁੱਡ ਪ੍ਰੋਜੈਕਟ ਹਨ ਅਤੇ ਉਹ ਲਗਾਤਾਰ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।




