ਅੰਮ੍ਰਿਤਸਰ : ਪੰਜਾਬ ਭਰ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੀਟਵੇਵ (ਲੂ) ਨੂੰ ਲੈ ਕੇ ਅਗਲੇ ਚਾਰ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਗਰਮੀ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਵਿੱਚ ਅੱਜ ਸਵੇਰੇ 9 ਵਜੇ ਹੀ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੜਕਾਂ ‘ਤੇ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ
ਤਪਦੀ ਗਰਮੀ ਅਤੇ ਤੇਜ਼ ਗਰਮ ਹਵਾਵਾਂ ਕਾਰਨ ਸੜਕਾਂ ‘ਤੇ ਚੱਲਣ ਵਾਲੇ ਲੋਕਾਂ, ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੂ ਤੋਂ ਬਚਣ ਲਈ ਲੋਕਾਂ ਨੇ ਆਪਣੇ ਮੂੰਹ ਅਤੇ ਸਰੀਰ ਨੂੰ ਕੱਪੜਿਆਂ ਨਾਲ ਢੱਕਿਆ ਹੋਇਆ ਹੈ। ਇਸ ਸਥਿਤੀ ਨੂੰ ਦੇਖਦਿਆਂ ਟਰੈਫਿਕ ਪ੍ਰਸ਼ਾਸਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵਾਹਨ ਚਾਲਕ ਸੁਰੱਖਿਆ ਲਈ ਹੈਲਮਟ ਦੀ ਵਰਤੋਂ ਜ਼ਰੂਰ ਕਰਨ, ਪਰ ਅਜਿਹਾ ਕੋਈ ਵੀ ਕੱਪੜਾ ਨਾ ਬੰਨ੍ਹਣ ਜਿਸ ਨਾਲ ਉਨ੍ਹਾਂ ਦੀ ਪਛਾਣ ਲੁਕ ਜਾਵੇ।
ਟਰੈਫਿਕ ਮੁਲਾਜ਼ਮਾਂ ਲਈ ਵਿਸ਼ੇਸ਼ ਪ੍ਰਬੰਧ
ਤਪਦੀ ਗਰਮੀ ਵਿੱਚ ਡਿਊਟੀ ਨਿਭਾ ਰਹੇ ਟਰੈਫਿਕ ਮੁਲਾਜ਼ਮਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਟਰੈਫਿਕ ਇੰਚਾਰਜ ਅਮਨਦੀਪ ਕੌਰ ਦੀ ਅਗਵਾਈ ਹੇਠ, ਸੜਕਾਂ ‘ਤੇ ਤਾਇਨਾਤ ਮੁਲਾਜ਼ਮਾਂ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪ੍ਰਸ਼ਾਸਨ ਦੀ ਮੁਸਤੈਦੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਬਾਵਜੂਦ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣਾ ਜ਼ਰੂਰੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਦੇਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਕੀਤੇ ਗਏ ਇਹ ਉਪਰਾਲੇ ਤਾਂ ਜੋ ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਸਕਣ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਹੁਤ ਜ਼ਰੂਰੀ ਹੋਣ ‘ਤੇ ਹੀ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਅਤੇ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਧੂਰੀ ‘ਚ ਦਹਿਸ਼ਤ: ਸੁਨਿਆਰੇ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, ਸੀਸੀਟੀਵੀ ‘ਚ ਕੈਦ ਹੋਈ ਘਟਨਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



