ਗੁਰਦਾਸਪੁਰ : ਹੀਟ ਵੇਵ (ਲੂ) ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਪ੍ਰੈਲ ਦੇ ਅੰਤ ‘ਚ ਹੀ ਗੁਰਦਾਸਪੁਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ, ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਭਿਆਨਕ ਗਰਮੀ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿੱਚ ਰੌਣਕਾਂ ਗਾਇਬ ਹੋ ਗਈਆਂ ਹਨ।
ਬਾਜ਼ਾਰਾਂ ‘ਚ ਛਾਇਆ ਸੂਨਾਪਨ, ਦੁਕਾਨਦਾਰ ਪ੍ਰੇਸ਼ਾਨ
ਗੁਰਦਾਸਪੁਰ ਦੇ ਮੇਨ ਬਾਜ਼ਾਰ, ਜਿੱਥੇ ਆਮ ਤੌਰ ‘ਤੇ ਐਤਵਾਰ ਨੂੰ ਭਾਰੀ ਰੌਣਕ ਹੁੰਦੀ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ‘ਚ ਲੋਕ ਖਰੀਦਦਾਰੀ ਲਈ ਆਉਂਦੇ ਹਨ, ਅੱਜ ਉੱਥੇ ਬਿਲਕੁਲ ਸੂਨਾਪਨ ਨਜ਼ਰ ਆਇਆ। ਸੜਕਾਂ ‘ਤੇ ਆਵਾਜਾਈ ਨਾ ਮਾਤਰ ਹੈ ਅਤੇ ਲੋਕ ਦੁਪਹਿਰ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਇਸ ਪ੍ਰਕੋਪ ਕਾਰਨ ਕੰਮ-ਕਾਰ ਬਹੁਤ ਜ਼ਿਆਦਾ ਮੰਦਾ ਹੋ ਗਿਆ ਹੈ ਅਤੇ ਗਾਹਕਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਵਧ ਰਹੀ ਗਰਮੀ ਚਿੰਤਾ ਦਾ ਵਿਸ਼ਾ, ਲੋਕਾਂ ਨੇ ਕੀਤੀ ਪੌਦੇ ਲਗਾਉਣ ਦੀ ਅਪੀਲ
ਤਾਪਮਾਨ ਵਿੱਚ ਹੁੰਦੇ ਇਸ ਬੇਤਹਾਸ਼ਾ ਵਾਧੇ ਨੂੰ ਦੇਖਦਿਆਂ ਆਮ ਲੋਕ ਵੀ ਚਿੰਤਤ ਹਨ। ਲੋਕਾਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਦੇ ਵਧਦੇ ਪ੍ਰਭਾਵ ਨੂੰ ਘਟਾਉਣ ਲਈ ਹੁਣ ਸਿਰਫ਼ ਗੱਲਾਂ ਕਰਨ ਨਾਲ ਕੰਮ ਨਹੀਂ ਚੱਲੇਗਾ, ਸਗੋਂ ਸਾਨੂੰ ਜ਼ਮੀਨੀ ਪੱਧਰ ‘ਤੇ ਕਦਮ ਚੁੱਕਣੇ ਪੈਣਗੇ। ਨਾਗਰਿਕਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਭਿਆਨਕ ਗਰਮੀ ਤੋਂ ਬਚਾਉਣਾ ਹੈ, ਤਾਂ ਸਾਨੂੰ ਵੱਧ ਤੋਂ ਵੱਧ ਪੇੜ-ਪੌਦੇ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ।
ਸਾਵਧਾਨੀ ਵਰਤਣ ਦੀ ਲੋੜ
ਮੌਸਮ ਵਿਭਾਗ ਦੇ ਅਨੁਮਾਨਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਹੋਰ ਵਧ ਸਕਦਾ ਹੈ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਹਾਈਡ੍ਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ ਅਤੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ।



