ਕਰਨਾਲ: ਦੁਨੀਆ ਭਰ ਵਿੱਚ ਦਸਤਕ ਦੇ ਰਹੇ ਖ਼ਤਰਨਾਕ ਇਬੋਲਾ ਵਾਇਰਸ (Ebola Virus) ਦੇ ਮੱਦੇਨਜ਼ਰ ਕੇਂਦਰ ਅਤੇ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਹਸਪਤਾਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਕਰਨਾਲ ਦੇ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਹਸਪਤਾਲ ਵਿੱਚ ਜਲਦ ਹੀ 10 ਬੈੱਡਾਂ ਦਾ ਇੱਕ ਹਾਈ-ਟੈਕ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਨਿਗਰਾਨੀ ਲਈ ਇੱਕ ਡਾਕਟਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ।
ਕਾਂਗੋ ਤੇ ਯੂਗਾਂਡਾ ‘ਚ ਵਧੇ ਮਾਮਲੇ
ਕਰਨਾਲ ਸਿਵਲ ਹਸਪਤਾਲ ਦੇ ਬੁਲਾਰੇ ਡਾਕਟਰ ਦੀਪਕ ਗੋਇਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਿਲੀ ਐਡਵਾਈਜ਼ਰੀ ਦੇ ਆਧਾਰ ‘ਤੇ ਹਸਪਤਾਲ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਉਨ੍ਹਾਂ ਕਿਹਾ ਕਿ ਅੱਜ ਜਾਂ ਭਲਕੇ ਤੱਕ ਹਸਪਤਾਲ ਵਿੱਚ 10 ਬੈੱਡਾਂ ਦਾ ਵਿਸ਼ੇਸ਼ ਵਾਰਡ ਤਿਆਰ ਕਰ ਦਿੱਤਾ ਜਾਵੇਗਾ। ਡਾ. ਦੀਪਕ ਮੁਤਾਬਕ ਇਬੋਲਾ ਦੁਨੀਆ ਦੀਆਂ ਸਭ ਤੋਂ ਘਾਤਕ ਬੀਮਾਰੀਆਂ ਵਿੱਚੋਂ ਇੱਕ ਹੈ, ਜਿਸ ਦੇ ਮਾਮਲੇ ਹਾਲ ਹੀ ਵਿੱਚ ਅਫ਼ਰੀਕੀ ਦੇਸ਼ਾਂ ਜਿਵੇਂ ਕਿ ਕਾਂਗੋ ਅਤੇ ਯੂਗਾਂਡਾ ਵਿੱਚ ਦੇਖਣ ਨੂੰ ਮਿਲੇ ਹਨ। ਦੱਸ ਦੇਈਏ ਕਿ ਸਾਲ 1976 ਵਿੱਚ ਅਫ਼ਰੀਕਾ ਵਿੱਚ ਪਹਿਲੀ ਵਾਰ ਇਸ ਜਾਨਲੇਵਾ ਵਾਇਰਸ ਦੀ ਪਛਾਣ ਹੋਈ ਸੀ।
ਜਾਣੋ ਕਿਵੇਂ ਫੈਲਦਾ ਹੈ ਇਹ ਵਾਇਰਸ ਅਤੇ ਕੀ ਹਨ ਇਸ ਦੇ ਲੱਛਣ?
ਮਾਹਿਰਾਂ ਅਨੁਸਾਰ ਇਹ ਵਾਇਰਸ ਸਭ ਤੋਂ ਪਹਿਲਾਂ ਸੰਕਰਮਿਤ ਜਾਨਵਰਾਂ ਤੋਂ ਇਨਸਾਨਾਂ ਵਿੱਚ ਅਤੇ ਫਿਰ ਇਨਸਾਨ ਤੋਂ ਇਨਸਾਨ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਅਸਹਿ ਸਿਰਦਰਦ, ਸਰੀਰਕ ਕਮਜ਼ੋਰੀ, ਉਲਟੀਆਂ ਅਤੇ ਦਸਤ ਲੱਗਣਾ ਆਦਿ ਹਨ। ਇਸ ਦੇ ਨਾਲ ਹੀ ਗੰਭੀਰ ਸਥਿਤੀ ਵਿੱਚ ਬੀਮਾਰੀ ਵਧਣ ‘ਤੇ ਮਰੀਜ਼ ਦੇ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚੋਂ ਖੂਨ ਵਗਣਾ (Bleeding) ਸ਼ੁਰੂ ਹੋ ਜਾਂਦਾ ਹੈ। ਇਸ ਬੀਮਾਰੀ ਵਿੱਚ ਮੌਤ ਦੀ ਦਰ 30 ਤੋਂ 50 ਫੀਸਦੀ ਤੱਕ ਮੰਨੀ ਜਾਂਦੀ ਹੈ, ਜੋ ਇਸਨੂੰ ਬੇਹੱਦ ਖ਼ਤਰਨਾਕ ਬਣਾਉਂਦੀ ਹੈ।
ਭਾਰਤ ਵਿੱਚ ਫਿਲਹਾਲ ਕੋਈ ਕੇਸ ਨਹੀਂ
ਸਾਲ 2026 ਵਿੱਚ ਅਫ਼ਰੀਕਾ ਵਿੱਚ ਇਬੋਲਾ ਦੇ ਨਵੇਂ ਪ੍ਰਕੋਪ ਕਾਰਨ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ‘ਗਲੋਬਲ ਹੈਲਥ ਐਮਰਜੈਂਸੀ’ (ਵਿਸ਼ਵ ਸਿਹਤ ਐਮਰਜੈਂਸੀ) ਐਲਾਨ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਅਜੇ ਤੱਕ ਇਬੋਲਾ ਦਾ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਕੁਝ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਗਏ ਸਨ, ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਬਾਵਜੂਦ ਸਰਕਾਰ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਅਤੇ ਹਸਪਤਾਲਾਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ। ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਅਤੇ ਦੱਖਣੀ ਸੂਡਾਨ ਵਰਗੇ ਪ੍ਰਭਾਵਿਤ ਦੇਸ਼ਾਂ ਦੀ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Gurdaspur Fire: ਮੰਦਰ ‘ਚ ਜਗ ਰਹੀ ਜੋਤ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਦੋ ਕਮਰੇ ਸੜ ਕੇ ਹੋਏ ਸੁਆਹ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



