ਗੁਰਦਾਸਪੁਰ : ਗੁਰਦਾਸਪੁਰ ਵਿੱਚ 13 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਚੋਣ ਮੈਦਾਨ ਫਤਹਿ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਇੱਕ ਪਾਸੇ ਜਿੱਥੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਲਗਾਤਾਰ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ, ਉੱਥੇ ਹੀ ਆਮ ਆਦਮੀ ਪਾਰਟੀ (AAP) ਨੇ ਵੀ ਚੋਣ ਮੁਹਿੰਮ ਨੂੰ ਭਖਾਉਣ ਲਈ ਆਪਣੇ ਦਿੱਗਜ ਨੇਤਾ ਮੈਦਾਨ ਵਿੱਚ ਉਤਾਰ ਦਿੱਤੇ ਹਨ। ‘ਆਪ’ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ ਖੁਦ ਗੁਰਦਾਸਪੁਰ ਵਿੱਚ ਡੇਰਾ ਜਮਾ ਲਿਆ ਹੈ।
ਦੇਰ ਰਾਤ ਤੱਕ ਚੱਲਿਆ ਚੋਣ ਪ੍ਰਚਾਰ
ਬੀਤੀ ਦੇਰ ਰਾਤ ਤੱਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸ਼ੈਰੀ ਕਲਸੀ ਅਤੇ ਕੁਲਦੀਪ ਧਾਲੀਵਾਲ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਤਾਬੜਤੋੜ ਚੋਣ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਰੈਲੀਆਂ ਦੌਰਾਨ ਪਹੁੰਚੇ ਲੋਕਾਂ ਦੇ ਭਾਰੀ ਇਕੱਠ ਨੇ ਚੋਣ ਸਰਗਰਮੀਆਂ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ ਹੈ।
“ਕੰਮ ਦੇ ਦਮ ‘ਤੇ ਜਿੱਤਾਂਗੇ ਸਾਰੀਆਂ ਸੀਟਾਂ” – ਕੁਲਦੀਪ ਧਾਲੀਵਾਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਧਾਲੀਵਾਲ ਅਤੇ ਸ਼ੈਰੀ ਕਲਸੀ ਨੇ ਭਰੋਸਾ ਜਤਾਇਆ ਕਿ ਚੋਣ ਰੈਲੀਆਂ ਵਿੱਚ ਉਮੜ ਰਿਹਾ ਜਨਸੈਲਾਬ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਦਮ ‘ਤੇ ਗੁਰਦਾਸਪੁਰ ਦੀਆਂ ਸਾਰੀਆਂ ਸੀਟਾਂ ‘ਤੇ ਇਤਿਹਾਸਕ ਅਤੇ ਵੱਡੀ ਲੀਡ ਨਾਲ ਜਿੱਤ ਦਰਜ ਕਰੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

