ਅੰਮ੍ਰਿਤਸਰ : ਪੰਜਾਬ ਤੋਂ ਵਿਦੇਸ਼ਾਂ ਵਿੱਚ ਜਾਣ ਵਾਲੇ ਯਾਤਰੀਆਂ ਲਈ ਏਅਰ ਇੰਡੀਆ ਵੱਲੋਂ ਇੱਕ ਵੱਡੀ ਰਾਹਤ ਭਰੀ ਪਹਿਲਕਦਮੀ ਕੀਤੀ ਗਈ ਹੈ। ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ‘ਈਜ਼ੀ ਕਨੈਕਟ’ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ, ਜੋ ਭਾਰਤ ਸਰਕਾਰ ਦੇ ‘ਹੱਬ-ਐਂਡ-ਸਪੋਕ’ ਮਾਡਲ ਅਧੀਨ ਚਲਾਈ ਗਈ ਹੈ। ਇਸ ਨਵੀਂ ਪ੍ਰਣਾਲੀ ਨਾਲ ਪੰਜਾਬ ਦੇ ਯਾਤਰੀ ਹੁਣ ਦਿੱਲੀ ਰਾਹੀਂ ਵਿਸ਼ਵ ਦੇ 27 ਪ੍ਰਮੁੱਖ ਅੰਤਰਰਾਸ਼ਟਰੀ ਸ਼ਹਿਰਾਂ ਨਾਲ ਸਿੱਧੇ ਅਤੇ ਬਿਨਾਂ ਕਿਸੇ ਖੱਪਤ ਦੇ ਜੁੜ ਸਕਣਗੇ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਇਸ ਯੋਜਨਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਹਵਾਈ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲਣਗੀਆਂ ਰੋਜ਼ਾਨਾ 2 ਉਡਾਣਾਂ
‘ਈਜ਼ੀ ਕਨੈਕਟ’ ਯੋਜਨਾ ਦੇ ਤਹਿਤ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਹਰ ਰੋਜ਼ ਦੋ ਵਿਸ਼ੇਸ਼ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਪਹਿਲੀ ਉਡਾਣ (AI-1113) ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਉਡਾਣ ਭਰ ਕੇ 10:40 ਵਜੇ ਦਿੱਲੀ ਲੈਂਡ ਕਰੇਗੀ, ਜਦਕਿ ਦੂਜੀ ਉਡਾਣ (AI-1115) ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ। ਇਹ ਉਡਾਣਾਂ ਯਾਤਰੀਆਂ ਨੂੰ ਲੰਡਨ, ਟੋਰਾਂਟੋ, ਨਿਊਯਾਰਕ, ਵੈਨਕੂਵਰ, ਪੈਰਿਸ, ਸਿਡਨੀ, ਮੈਲਬੋਰਨ ਅਤੇ ਦੁਬਈ ਵਰਗੇ ਪ੍ਰਮੁੱਖ ਗਲੋਬਲ ਠਿਕਾਣਿਆਂ ਲਈ ਬਿਨਾਂ ਕਿਸੇ ਦੇਰੀ ਦੇ ਅੱਗੇ ਦੀ ਯਾਤਰਾ ਯਕੀਨੀ ਬਣਾਉਣਗੀਆਂ।
ਏਅਰਪੋਰਟ ‘ਤੇ ਹੀ ਮਿਲੇਗੀ ਇਮੀਗ੍ਰੇਸ਼ਨ ਸਹੂਲਤ
ਇਸ ਸੁਵਿਧਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਅਤੇ ਅੰਤਿਮ ਮੰਜ਼ਿਲ ਤੱਕ ਦੀ ਚੈਕ-ਇਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਮੁਕੰਮਲ ਹੋ ਜਾਵੇਗੀ। ਇਸ ਨਾਲ ਦਿੱਲੀ ਪਹੁੰਚ ਕੇ ਯਾਤਰੀਆਂ ਨੂੰ ਆਪਣਾ ਸਮਾਨ ਦੁਬਾਰਾ ਚੁੱਕਣ, ਮੁੜ ਚੈਕ-ਇਨ ਕਰਨ ਜਾਂ ਟਰਮੀਨਲ ਬਦਲਣ ਦੀ ਕੋਈ ਲੋੜ ਨਹੀਂ ਪਵੇਗੀ। ਇਸ ਉਦਘਾਟਨੀ ਸਮਾਗਮ ਵਿੱਚ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿੰਹਾ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਵਿਪਿਨ ਕੁਮਾਰ ਸਮੇਤ ਕਈ ਉੱਚ ਅਧਿਕਾਰੀ ਸ਼ਾਮਲ ਸਨ। ਏਅਰ ਇੰਡੀਆ ਅਨੁਸਾਰ ਅੰਮ੍ਰਿਤਸਰ ਤੋਂ ਬਾਅਦ ਇਹ ਸੇਵਾ ਦੇਸ਼ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

