ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੈਂਕ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕਰਨ ਦਾ ਰਸਤਾ ਹੁਣ ਸਾਫ ਹੋ ਗਿਆ ਹੈ। ਦਰਅਸਲ ਬੀਤੇ ਬੁੱਧਵਾਰ ਨੂੰ ਇੰਡੀਅਨ ਬੈਂਕ ਐਸੋਸਿਏਸ਼ਨ(ਆਈਬੀਏ) ਅਤੇ ਯੂਨਾਇਟਡ ਫੋਰਮ ਆਫ ਬੈਂਕ ਯੂਨੀਅਨ(ਯੂਐਫਬੀਯੂ) ਵਿਚਾਲੇ ਹੋਈ ਗੱਲਬਾਤ ਦੌਰਾਨ ਬੈਕ ਕਰਮਚਾਰੀਆਂ ਦੀ ਸੈਲਰੀ ਵਿਚ 15 ਫੀਸਦੀ ਵਾਧਾ ਕਰਨ ਉੱਤੇ ਸਹਿਮਤੀ ਬਣ ਗਈ ਹੈ।
ਜਾਣਕਾਰੀ ਅਨੁਸਾਰ ਮੁੰਬਈ ਵਿਚ ਭਾਰਤੀ ਸਟੇਟ ਬੈਂਕ ਦੇ ਮੁੱਖ ਦਫਤਰ ਵਿਚ ਹੋਈ ਆਈਬੀਏ ਅਤੇ ਯੂਐਫਬੀਯੂ ਦੀ ਬੈਠਕ ਦੌਰਾਨ ਦੋਵੇਂ ਸੰਗਠਨ ਦੇਰ ਸ਼ਾਮ ਇਸ ਨਤੀਜੇ ਉੱਤੇ ਪਹੁੰਚੇ ਕਿ ਬੈਂਕ ਕਰਮਚਾਰੀਆਂ ਦੀ ਤਨਖਾਹ ਵਿਚ 15 ਫੀਸਦੀ ਵਾਧਾ ਹੋਣਾ ਚਾਹੀਦਾ ਹੈ। ਬੈਂਕ ਯੂਨੀਅਨਾਂ ਅਤੇ ਆਈਬੀਏ ਦਰਮਿਆਨ ਹੋਏ ਸਮਝੌਤੇ ਅਨੁਸਾਰ ਇਹ ਤਨਖਾਹ ਵਾਧਾ ਜਾ ਸੋਧ ਨਵੰਬਰ 2017 ਤੋਂ ਲਾਗੂ ਹੋ ਜਾਵੇਗੀ ਅਤੇ ਤਨਖਾਹ ਤੇ ਭੱਤਿਆਂ ਵਿਚ ਸਲਾਨਾ 15 ਫੀਸਦੀ ਵਾਧਾ 31 ਮਾਰਚ 2017 ਦੇ ਤਨਖਾਹ ਬਿੱਲ ਦੇ ਅਧਾਰ ਉੱਤੇ ਕੀਤਾ ਜਾਵੇਗਾ। ਤਨਖਾਹ ਵਿਚ ਵਾਧੇ ਦੇ ਇਸ ਫੈਸਲੇ ਨਾਲ ਬੈਕਿੰਗ ਉਦਯੋਗ ਉੱਤੇ ਸਲਾਨਾ 7900 ਕਰੋੜ ਰੁਪਏ ਦਾ ਬੋਝ ਪਵੇਗਾ। ਦੱਸ ਦਈਏ ਕਿ ਸਰਕਾਰੀ, ਪ੍ਰਾਈਵੇਟ ਅਤੇ ਵਿਦੇਸ਼ੀ ਬੈਂਕਾਂ ਸਮੇਤ 37 ਬੈਂਕਾਂ ਨੇ ਆਈਬੀਏ ਨੂੰ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ ਵਾਧੇ ਸੰਬੰਧੀ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਹੋਇਆ ਹੈ।ਉੱਥੇ ਹੀ ਆਈਬੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਨੇ ਕਿਹਾ ਹੈ ਕਿ ਯੂਐਫਬੀਯੂ ਅਤੇ ਆਈਬੀਏ ਨੇ ਬੈਂਕ ਕਰਮਚਾਰੀਆਂ ਦੀ ਤਨਖਾਹ ਸਲਿੱਪ ਹਿੱਸੇ ਵਿਚ 15 ਪ੍ਰਤੀਸ਼ਤ ਵਾਧੇ ਲਈ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਪਰਿਵਾਰ ਪੈਂਸਨ ਨੂੰ ਖਤਮ ਕਰਨ ਅਤੇ ਮੂਲ ਸੈਲਰੀ ਦਾ 30 ਫੀਸਦੀ ਕਰਨ ਲਈ ਸਿਧਾਂਤਕ ਤੌਰ ਉੱਤੇ ਪ੍ਰਵਾਨਗੀ ਵੀ ਦਿੱਤੀ ਗਈ ਹੈ।
