ਖਰੜ: ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਆਰੰਭੀ ਹੋਈ ਹੈ। ਬੀਤੀ ਰਾਤ ਖਰੜ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਜਬਰਦਸਤ ਮੁਕਾਬਲਾ ਹੋ ਗਿਆ। ਅੱਧੀ ਰਾਤ ਨੂੰ ਕਰੀਬ 1 ਵਜੇ ਪੁਲਿਸ ਨੇ ਗੈਂਗਸਟਰਾਂ ਨੂੰ ਘੇਰ ਲਿਆ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਫਾਇਰਿੰਗ ਹੋਈ। ਇਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ AGTF ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕੁਝ ਗੈਂਗਸਟਰ ਖਰੜ ਤੋਂ ਲੰਘਦੇ ਹੋਏ ਅੱਗੇ ਜਾਣਗੇ, ਜਿਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਤਿਆਰੀ ਕੀਤੀ। ਸੂਚਨਾ ਮੁਤਾਬਕ, ਜਦੋਂ ਗੈਂਗਸਟਰ ਆਪਣੀ ਆਈ 20 ਗੱਡੀ ਤੇ ਉੱਥੋਂ ਲੰਘ ਰਹੇ ਸਨ, ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਇਨ੍ਹਾਂ ਗੈਂਗਸਟਰਾਂ ਨੇ ਪੁਲਿਸ ਉੱਤੇ ਹੀ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਗੈਂਗਸਟਰ ਫਤਿਹਗੜ੍ਹ ਸਾਹਿਬ ਦੇ ਇਕ ਪੈਟਰੋਲ ਪੰਪ ਤੋਂ ਹਥਿਆਰ ਦੀ ਨੋਕ ਉੱਤੇ ਲੁੱਟ ਕਰਕੇ ਭੱਜੇ ਸਨ।
