ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੀ ਮਸ਼ਹੂਰ ਇਮੀਗ੍ਰੇਸ਼ਨ ਫਰਮ ਓਵਰਸੀਜ਼ ਐਜੂਕੇਸ਼ਨ ਐਂਡ ਕਰੀਅਰ ਕੰਸਲਟੈਂਟ ਇੰਡੀਆ ਪ੍ਰਾਈਵੇਟ ਲਿਮਟਿਡ (ਓਈਸੀਸੀ) ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਲੋਕਾਂ ਨੂੰ ਧੋਖਾਧੜੀ ਨਾਲ ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤੀ ਗਈ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਨੁਸਾਰ 8 ਮਈ 2018 ਨੂੰ ਫਰਮ ਨੂੰ ਜਾਰੀ ਕੀਤਾ ਲਾਇਸੈਂਸ ਨੰਬਰ 245 / ਐਮਏ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਡੀਸੀ ਨੂੰ ਹੁਕਮ ਦਿੱਤਾ ਹੈ ਕਿ, ਉਹ ਇਸ ਫਰਮ ਦਾ ਨਾਮ ਲਾਲ ਅੱਖਰਾਂ ਵਿੱਚ ਸਰਕਾਰੀ ਵੈਬਸਾਈਟ ਉੱਤੇ ਅਪਲੋਡ ਕਰਨ।
ਓਵਰਸੀਜ਼ ਐਜੂਕੇਸ਼ਨ ਐਂਡ ਕਰੀਅਰ ਕੰਸਲਟੈਂਟ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਦਫ਼ਤਰ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ ਵਿੱਚ ਐਸਸੀਓ ਨੰਬਰ 5 ਦੀ ਚੌਥੀ ਮੰਜ਼ਲ ‘ਤੇ ਸਥਿਤ ਹੈ। ਇਸ ਦੇ ਨਾਲ ਹੀ ਇਸ ਫਰਮ ਖਿਲਾਫ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਡੀਸੀ ਪ੍ਰਦੀਪ ਅਗਰਵਾਲ ਦਾ ਕਹਿਣਾ ਹੈ ਕਿ, ਮੋਗਾ ਦੇ ਐਸਐਸਪੀ ਨੇ ਇਸ ਫਰਮ ਖਿਲਾਫ਼ ਆਈਪੀਸੀ ਦੀ ਧਾਰਾ 420, 120 ਤਹਿਤ ਕੇਸ ਦਰਜ ਕੀਤਾ ਸੀ।
ਡੀਸੀ ਮੋਗਾ ਵਲੋਂ ਵੀ ਗੁਰਿੰਦਰ ਸਿੰਘ ਨਿਵਾਸੀ ਪਿੰਡ ਕੋਠੇ ਬੱਗੂ ਤਹਿਸੀਲ ਜਗਰਾਓ ਦੀ ਸ਼ਿਕਾਇਤ ‘ਤੇ ਪੜਤਾਲ ਕਰਨ ਉਪਰੰਤ ਫਰਮ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਉਨ੍ਹਾਂ 6 ਅਗਸਤ ਨੂੰ ਕੰਪਨੀ ਵਿੱਚ ਤਾਇਨਾਤ ਸੁਖਦੇਵ ਸਿੰਘ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਵੀ ਲਿਖਿਆ ਸੀ। ਫਰਮ ਨੂੰ 28 ਅਗਸਤ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਦੁਬਾਰਾ ਪੱਤਰ ਭੇਜਣ ਤੇ, ਫਰਮ ਦਾ ਜਵਾਬ ਦੁਬਾਰਾ ਆਇਆ, ਪਰ ਬਚਾਅ ਪੱਖ ਵਿੱਚ ਕੋਈ ਪੱਕਾ ਸਬੂਤ ਪੇਸ਼ ਨਹੀਂ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਮਨਜ਼ੂਰਸ਼ੁਦਾ ਫਰਮਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈਬਸਾਈਟ ਉੱਤੇ ਫੋਟੋ, ਨਾਮ, ਪਤੇ ਦੇ ਨਾਲ ਦਿੱਤੀ ਗਈ ਹੈ।


