ਤਰਨਤਾਰਨ: ਤਰਨਤਾਰਨ ਪੁਲਿਸ ਨੂੰ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਫ਼ਤਿਹਾਬਾਦ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਸਿੱਧੀ ਮੁੱਠਭੇੜ ਹੋ ਗਈ। ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਦੋ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁੱਖਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ।
ਖੇਤੀਬਾੜੀ ਸਟੋਰ ‘ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ਾਂ ਦੀ ਸੀ ਤਲਾਸ਼
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਫ਼ਤਿਹਾਬਾਦ ਦੇ ਇੱਕ ਖੇਤੀਬਾੜੀ ਸਟੋਰ ‘ਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਵਾਲੇ ਬਦਮਾਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇਲਾਕੇ ਵਿੱਚ ਘੁੰਮ ਰਹੇ ਹਨ। ਇਸੇ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਵੱਲੋਂ ਫ਼ਤਿਹਾਬਾਦ ਇਲਾਕੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ।
ਨਾਕੇ ‘ਤੇ ਰੁਕਣ ਦੀ ਬਜਾਏ ਪੁਲਿਸ ‘ਤੇ ਚਲਾਈਆਂ ਗੋਲੀਆਂ
ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਇੱਕ ਸ਼ੱਕੀ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਸਵਾਰ ਬਦਮਾਸ਼ਾਂ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਬੜੀ ਬਹਾਦਰੀ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਵਾਂ ਬਦਮਾਸ਼ਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਕਾਬੂ ਕਰਕੇ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਪੁਲਿਸ ਦੀ ਨਿਗਰਾਨੀ ਹੇਠ ਹਨ।
ਫਿਰੋਤੀ ਦੇ ਕਈ ਮਾਮਲਿਆਂ ਵਿੱਚ ਸਨ ਲੋੜੀਂਦੇ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁੱਖਪ੍ਰੀਤ ਅਤੇ ਲਵਪ੍ਰੀਤ ਫਿਰੋਤੀ ਮੰਗਣ ਅਤੇ ਡਰਾਉਣ-ਧਮਕਾਉਣ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਬਦਮਾਸ਼ਾਂ ਦੇ ਤਾਰ ਕਿਸ ਗੈਂਗਸਟਰ ਜਾਂ ਗਰੁੱਪ ਨਾਲ ਜੁੜੇ ਹੋਏ ਹਨ।
ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/china-door-elderly-mans-jaw-cut-off-while-going-to-market-condition-critical-due-to-6-inch-deep-wound/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



