Fatehgarh Sahib Accident : ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖ਼ਮੀ

ਫਤਿਹਗੜ੍ਹ ਸਾਹਿਬ: ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਤ ਰਹੀ ਸੰਗਤ ਨਾਲ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ…

Fatehgarh Sahib Accident

ਫਤਿਹਗੜ੍ਹ ਸਾਹਿਬ: ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਤ ਰਹੀ ਸੰਗਤ ਨਾਲ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਚੁੰਨੀ-ਮੋਰਿੰਡਾ ਰੋਡ ‘ਤੇ ਪਿੰਡ ਮੈਂਣ ਮਾਜਰੀ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਖੰਭੇ ਨਾਲ ਟਕਰਾਈ ਬੱਸ

ਜਾਣਕਾਰੀ ਅਨੁਸਾਰ ਪਿੰਡ ਮੈਂਣ ਮਾਜਰੀ ਦੀ ਸੰਗਤ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਦੀ ਬੱਸ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਗਈ ਸੀ। ਦੇਰ ਰਾਤ ਵਾਪਸੀ ਸਮੇਂ ਬੱਸ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਈ। ਬੱਸ ਵਿੱਚ ਕਰੀਬ 35 ਤੋਂ 40 ਸ਼ਰਧਾਲੂ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕੀਤੇ।

ਪਿੰਡ ਵਾਸੀਆਂ ਨੇ ਦਿਖਾਈ ਹਿੰਮਤ

ਘਟਨਾ ਦੇ ਚਸ਼ਮਦੀਦ ਗੁਰਮੁਖ ਸਿੰਘ ਲਵਲੀ (ਪਿੰਡ ਭਟੇੜੀ) ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਬੱਸ ਵਿੱਚ ਚੀਕ-ਚਿਹਾੜਾ ਮਚਿਆ ਹੋਇਆ ਸੀ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸ਼ਰਧਾਲੂਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਐਂਬੂਲੈਂਸਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ ਰਾਹੀਂ ਜ਼ਖ਼ਮੀਆਂ ਨੂੰ ਮੋਰਿੰਡਾ, ਬੱਸੀ ਪਠਾਣਾਂ ਅਤੇ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ।

ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚੇ

ਹਾਦਸੇ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਪੁਲਿਸ ਦੀਆਂ ਉੱਚ ਟੀਮਾਂ ਸਮੇਤ ਮੌਕੇ ‘ਤੇ ਪਹੁੰਚੇ। ਵਿਧਾਇਕ ਹੈਪੀ ਨੇ ਜ਼ਖ਼ਮੀਆਂ ਦਾ ਹਾਲ ਜਾਣਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਐਸ.ਐਸ.ਪੀ. ਅਗਰਵਾਲ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।

6 ਮੌਤਾਂ ਦੀ ਪੁਸ਼ਟੀ

ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੈਡੀਕਲ ਅਫ਼ਸਰ ਡਾ. ਅਮਰਿੰਦਰ ਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 6 ਸ਼ਰਧਾਲੂਆਂ ਦੀ ਜਾਨ ਜਾ ਚੁੱਕੀ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਦੀਆਂ ਮੋਰਚਰੀਆਂ ਵਿੱਚ ਰੱਖਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਪੀ.ਜੀ.ਆਈ. ਭੇਜੇ ਗਏ ਮਰੀਜ਼ਾਂ ਵਿੱਚੋਂ ਕੁਝ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Queen of music Asha Bhosle: ਅੰਤਿਮ ਸੰਸਕਾਰ ਮੌਕੇ ਭਾਵੁਕ ਹੋਈ ਪੋਤੀ ਜਨਾਈ; ਸਚਿਨ ਤੇਂਦੁਲਕਰ ਸਣੇ ਕਈ ਦਿੱਗਜਾਂ ਨੇ ਦਿੱਤੀ ਸ਼ਰਧਾਂਜਲੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *