ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਉੱਤਰ ਅਤੇ ਮੱਧ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਗਰਮ ਲੂ ਅਤੇ ਭਿਆਨਕ ਗਰਮੀ ਆਪਣਾ ਕਹਿਰ ਬਰਪਾ ਰਹੀ ਹੈ। ਕਈ ਥਾਵਾਂ ‘ਤੇ ਤਾਂ ਪਾਰਾ 47 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਉੱਥੇ ਹੀ ਹੁਣ ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵੀ ਇਸੇ ਤਰ੍ਹਾ ਉੱਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿਚ ਗਰਮੀ ਤੇ ਲੂ ਦੀਆਂ ਗਰਮ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਬੰਗਾਲ ਦੀ ਖਾੜੀ ਦੇ ਕੁੱਝ ਹਿੱਸਿਆਂ ਵਿਚ ਮਾਨਸੂਨ ਵੀ ਮਜ਼ਬੂਤ ਹੋਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਕੁੱਝ ਹਿੱਸਿਆਂ ਦੇ ਨਾਲ ਬਿਹਾਰ, ਝਾਰਖੰਡ, ਉੜੀਸਾ, ਕੱਛ, ਮੱਧ ਮਹਾਰਾਸ਼ਟਰ, ਤੇਲੰਗਾਨਾ ਅਤੇ ਕਰਨਾਟਕ ਦੇ ਉੱਤਰੀ ਇਲਾਕਿਆਂ ਵਿਚ ਅਗਲੇ 24 ਘੰਟੇ ਗਰਮੀ ਅਤੇ ਲੂ ਦੀਆਂ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਗੜਬੜੀ ਤੋਂ 29 ਅਤੇ 30 ਮਈ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਸ ਦੌਰਾਨ ਉੱਤਰ ਭਾਰਤ ਦੇ ਕੁੱਝ ਹਿੱਸਿਆਂ ਵਿਚ ਧੂੜ, ਝੱਖੜ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਰਾਜਸਥਾਨ ਦਾ ਚੁਰੂ ਜਿਲ੍ਹਾ ਦੇਸ਼ ਦਾ ਸੱਭ ਤੋਂ ਗਰਮ ਜਿਲ੍ਹਾ ਮੰਨਿਆ ਗਿਆ ਹੈ। ਇੱਥੇ 50 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕੋਰੋਨ ਸੰਕਟ ਵਿਚਾਲੇ ਭਿਆਨਕ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਘਰੋਂ ਬਾਹਰ ਨਿਕਲਣ ‘ਤੇ ਗਰਮ ਹਵਾਵਾਂ ਲੋਕਾਂ ਦੇ ਗੋਡੇ ਸੇਕ ਰਹੀਆਂ ਹਨ। ਹੁਣ ਲੋਕਾਂ ਨੂੰ ਮੌਸਮ ਦੇ ਕਰਵਟ ਲੈਣ ‘ਤੇ ਹੀ ਇਸ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ

