ED Raids : ਦਿੱਲੀ ਤੋਂ ਬਾਅਦ ਹੁਣ ਪੰਜਾਬ ਤੇ ਚੰਡੀਗੜ੍ਹ ‘ਚ ਈਡੀ ਦੇ 22 ਥਾਵਾਂ ਉਤੇ ਛਾਪੇ, 21 ਗ੍ਰਿਫ਼ਤਾਰੀਆਂ ! ਪੰਜਾਬ ਆਬਕਾਰੀ ਕਮਿਸ਼ਨਰ ਦੇ ਘਰ ਵੀ ਦਸਤਕ

ਦਿੱਲੀ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਸਵੇਰੇ ਪੰਜਾਬ ਤੇ ਚੰਡੀਗੜ੍ਹ ਸਮੇਤ ਕੁੱਲ 22 ਥਾਵਾਂ ‘ਤੇ ਛਾਪੇ ਮਾਰੇ। ਇਹ ਛਾਪੇਮਾਰੀ ਪੰਜਾਬ ਵਿੱਚ 137…

ਦਿੱਲੀ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਸਵੇਰੇ ਪੰਜਾਬ ਤੇ ਚੰਡੀਗੜ੍ਹ ਸਮੇਤ ਕੁੱਲ 22 ਥਾਵਾਂ ‘ਤੇ ਛਾਪੇ ਮਾਰੇ। ਇਹ ਛਾਪੇਮਾਰੀ ਪੰਜਾਬ ਵਿੱਚ 137 ਕਰੋੜ ਰੁਪਏ ਦੇ ਅਮਰੂਦ ਬਾਗ ਘੁਟਾਲੇ ਦੇ ਮਾਮਲੇ ਵਿੱਚ ਕੀਤੀ ਗਈ। ਇਸ ਤੋਂ ਇਲਾਵਾ, ਈਡੀ ਨੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਪੰਜਾਬ ਆਬਕਾਰੀ ਕਮਿਸ਼ਨਰ ਵਰੁਣ ਦੇ ਘਰ ਵੀ ਛਾਪੇਮਾਰੀ ਕਰ ਕੇ ਇਸ ਘੁਟਾਲੇ ਨਾਲ ਸਬੰਧੀ ਪੁੱਛਗਿੱਛ ਕੀਤੀ। ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਨੇ 30 ਜਨਵਰੀ ਨੂੰ ਇਸ ਮਾਮਲੇ ਵਿੱਚ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ।
ਲਗਪਗ 180 ਏਕੜ ਉਤੇ ਮੌਜੂਦ ਫ਼ਲ਼ਦਾਰ ਰੁੱਖਾਂ ਦਾ ਮੁਲਾਂਕਣ ਜੇਐਸ ਸਿੱਧੂ, ਐੱਚਡੀਓ ਵੱਲੋਂ ਕੀਤਾ ਜਾਣਾ ਲਾਜ਼ਮੀ ਸੀ, ਜਦੋਂ ਕਿ ਉਸ ਨੇ ਐਕੁਆਇਰ ਕੀਤੀ ਜ਼ਮੀਨ ਦਾ ਨਿਰੀਖਣ/ਮੁਲਾਂਕਣ ਲਈ ਸਿਰਫ ਇੱਕ ਵਾਰ ਦੌਰਾ ਕੀਤਾ ਸੀ ਅਤੇ ਕੁੱਲ 207 ਖਸਰਾ ਨੰਬਰਾਂ ਨਾਲ ਸਬੰਧਤ ਮੁਲਾਂਕਣ ਰਿਪੋਰਟ ਤਿਆਰ ਕਰ ਦਿੱਤੀ, ਜੋ ਕਿ ਐਲ.ਏ.ਸੀ., ਗਮਾਡਾ ਦੀ ਸਰਵੇ ਸੂਚੀ ਵਿੱਚ ਵੱਖਰੇ ਤੌਰ ‘ਤੇ ਦਰਸਾਈ ਗਈ ਹੈ।
ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ ਉਸ ਨੇ ਖਸਰਾ ਗਿਰਦਾਵਰੀ ਦੇ ਰਿਕਾਰਡ ਦੀਆਂ ਫੋਟੋ ਕਾਪੀਆਂ ਹਾਸਲ ਕੀਤੀਆਂ ਸਨ, ਜਿਸ ਵਿੱਚ ਅਮਰੂਦ ਦੇ ਬਾਗ ਲਈ ਸੰਬੰਧਤ ਜਾਣਕਾਰੀ/ਸੋਧ/ਬਦਲਾਅ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਸੀ ਪਰ ਉਸ ਨੇ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਰੁੱਖਾਂ ਦੀ ਉਮਰ 4-5 ਸਾਲ ਦਰਜ ਕਰ ਕੇ ਗਲਤ ਮੁਲਾਂਕਣ ਰਿਪੋਰਟ ਤਿਆਰ ਕੀਤੀ।
ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਹੁਣ ਤੱਕ ਲਾਭਪਾਤਰੀਆਂ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਸਮੇਤ ਕੁੱਲ 21 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਜੇ.ਐਸ. ਜੌਹਲ, ਐਲ.ਏ.ਸੀ., ਵੈਸ਼ਾਲੀ, ਐਚ.ਡੀ.ਓ., ਬਚਿੱਤਰ ਸਿੰਘ, ਪਟਵਾਰੀ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਲਾਭਪਾਤਰੀਆਂ ਵੱਲੋਂ ਮੁਆਵਜ਼ਾ ਰਾਸ਼ੀ 100 ਫੀਸਦੀ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦਿੱਤੀ ਗਈ ਹੈ ਅਤੇ ਹੋਰ ਮੁਲਜ਼ਮਾਂ ਨੇ ਵੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਦੇ ਜ਼ਮਾਨਤ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਅਤੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ। ਹਾਈ ਕੋਰਟ ਨੇ ਵੱਖ-ਵੱਖ ਮੁਲਜ਼ਮ ਲਾਭਪਾਤਰੀਆਂ ਨੂੰ ਕੁੱਲ 72.36 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ, ਜਿਸ ‘ਚੋਂ ਹੁਣ ਤੱਕ 43.72 ਕਰੋੜ ਰੁਪਏ ਜਮ੍ਹਾ ਹੋ ਚੁੱਕੇ ਹਨ।

Leave a Reply

Your email address will not be published. Required fields are marked *