ਗੁਰਦਾਸਪੁਰ : ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਗੁਰਦਾਸਪੁਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਰ ਵਿੱਚ ਵੱਡੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਖੁਸ਼ੀ ਦਾ ਮਾਹੌਲ ਸੀ, ਪਰ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪਲਾਂ ਵਿੱਚ ਉਜਾੜ ਦਿੱਤਾ। ਭੂਆ ਨੂੰ ਵਿਆਹ ਦਾ ਕਾਰਡ ਦੇ ਕੇ ਵਾਪਸ ਪਰਤ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਵਿੱਚ ਮੌਤ ਹੋ ਗਈ।
ਭੂਆ ਨੂੰ ਕਾਰਡ ਦੇ ਕੇ ਘਰ ਪਰਤ ਰਿਹਾ ਸੀ ਨੌਜਵਾਨ
ਮ੍ਰਿਤਕ ਦੀ ਪਛਾਣ 20 ਸਾਲਾ ਗੁਰਸੇਵਕ ਸਿੰਘ ਪੁੱਤਰ ਵਾਸੀ ਪਿੰਡ ਭਰਤਾ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਸੇਵਕ ਸਿੰਘ ਦੀ ਵੱਡੀ ਭੈਣ ਦਾ ਅਗਲੇ ਮਹੀਨੇ ਵਿਆਹ ਤੈਅ ਹੋਇਆ ਸੀ। ਘਰ ਵਿੱਚ ਵਿਆਹ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਇਸੇ ਸਿਲਸਿਲੇ ਵਿੱਚ ਗੁਰਸੇਵਕ ਆਪਣੀ ਭੂਆ ਨੂੰ ਵਿਆਹ ਦਾ ਕਾਰਡ ਦੇਣ ਲਈ ਦੋਰਾਂਗਲਾ ਨੇੜེ་ ਪਿੰਡ ਠੂੰਡੀ ਵਿਖੇ ਆਇਆ ਹੋਇਆ ਸੀ। ਕਾਰਡ ਦੇਣ ਤੋਂ ਬਾਅਦ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਭਰਤਾ ਵੱਲ ਪਰਤ ਰਿਹਾ ਸੀ, ਤਾਂ ਇਹ ਭਾਣਾ ਵਾਪਰ ਗਿਆ।
ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨਾਲ ਹੋਈ ਭਿਆਨਕ ਟੱਕਰ
ਹਾਦਸਾ ਇਤਿਹਾਸਕ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ‘ਤੇ ਪਿੰਡ ਠੂੰਡੀ ਦੇ ਨਜ਼ਦੀਕ ਇੱਕ ਤਿੱਖੇ ਮੋੜ ‘ਤੇ ਵਾਪਰਿਆ। ਰਸਤੇ ਵਿੱਚ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨਾਲ ਗੁਰਸੇਵਕ ਦਾ ਮੋਟਰਸਾਈਕਲ ਜ਼ੋਰਦਾਰ ਢੰਗ ਨਾਲ ਟਕਰਾ ਗਿਆ।
ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਉਛਲ ਕੇ ਸੜਕ ਤੋਂ ਲਗਭਗ 20 ਮੀਟਰ ਦੂਰ ਜਾ ਕੇ ਡਿੱਗਿਆ। ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰ ਵਿੱਚ ਪਿਆ ਚੀਖ-ਚਿਹਾੜਾ
ਦੁਸ਼ਹਿਰੇ ਦੇ ਦਿਨ ਘਰ ਦੇ ਇਕਲੌਤੇ ਚਿਰਾਗ ਅਤੇ ਪੁੱਤ ਦੀ ਅਚਾਨਕ ਮੌਤ ਹੋ ਜਾਣ ਕਾਰਨ ਮਾਪਿਆਂ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਸ ਘਰ ਵਿੱਚ ਕੁਝ ਦਿਨਾਂ ਬਾਅਦ ਸ਼ਹਿਨਾਈਆਂ ਵਜੀਆਂ ਸਨ ਅਤੇ ਵਿਆਹ ਦੇ ਗੀਤ ਗਾਏ ਜਾਣੇ ਸਨ, ਉੱਥੇ ਹੁਣ ਮਾਤਮ ਛਾਅ ਗਿਆ ਹੈ। ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਸੁੰਨ ਕਰ ਦਿੱਤਾ ਹੈ ਅਤੇ ਹਰ ਅੱਖ ਨਮ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


