ਨਵੀਂ ਦਿੱਲੀ: ਰਾਜਧਾਨੀ ਦਿੱਲੀ (Capital Delhi) ਦੇ ਆਰ.ਕੇ ਪੁਰਮ (RK Puram) ਦੇ ਏਕਤਾ ਵਿਹਾਰ ਵਿਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਿਸੇ ਨੇ ਇਹ ਅਫਵਾਹ ਫੈਲਾਅ ਦਿੱਤੀ ਕਿ ਨੇੜੇ ਹੀ ਸੀ.ਆਰ.ਪੀ.ਐੱਫ. (CRPF) ਜਾਂ ਐੱਨ.ਐੱਸ.ਜੀ.ਕੈਂਪ (NSG Camp) ਤੋਂ ਜ਼ਹਿਰੀਲੀ ਗੈਸ ਛੱਡੀ ਗਈ ਹੈ। ਇਸ ਤੋਂ ਬਾਅਦ ਇਲਾਕੇ ਵਿਚ ਅਫਰਾ-ਤਫਰੀ ਮਚ ਗਈ ਅਤੇ ਲੋਕਾਂ ਦੀਆਂ ਅੱਖਾਂ ਵਿਚ ਜਲਨ ਹੋਣ ਲੱਗੀ ਸੀ। ਇਹੀ ਨਹੀਂ ਲੋਕ ਆਪੋ-ਆਪਣੇ ਘਰਾਂ ਤੋਂ ਬਦਹਵਾਸ ਹੋ ਕੇ ਬਾਹਰ ਸੜਕਾਂ ‘ਤੇ ਆ ਕੇ ਖੜ੍ਹੇ ਹੋ ਗਏ। ਕਿਸੇ ਨੂੰ ਕੁਝ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਜਦੋਂ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਗੈਸ ਨਾਲ ਕਈ ਲੋਕ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ।
ਦਰਅਸਲ ਇਹ ਘਟਨਾ ਬੁੱਧਵਾਰ ਰਾਤ ਤਕਰੀਬਨ 9 ਵਜੇ ਦੀ ਹੈ। ਜਦੋਂ ਆਰ ਕੇ ਪੁਰਮ ਦੇ ਏਕਤਾ ਵਿਹਾਰ ਇਲਾਕੇ ਵਿਚ ਅਚਾਨਕ ਲੋਕਾਂ ਦੀਆਂ ਅੱਖਾਂ ਵਿਚ ਜਲਨ ਅਤੇ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਜਿਸ ਤੋਂ ਬਾਅਦ ਲੋਕ ਘਰਾਂ ਵਿਚੋਂ ਬਾਹਰ ਨਿਕਲੇ। ਦਾਅਵਾ ਹੈ ਕਿ ਕਈ ਲੋਕ ਬੇਹੋਸ਼ ਵੀ ਹੋਏ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਸਮਾਜ ਸੇਵੀ ਮਹਿਪਾਲ ਗੌਤਮ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਵੰਡੇ ਤਾਂ ਜੋ ਇਸ ਜ਼ਹਿਰੀਲੀ ਗੈਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਨਾ ਹੋਵੇ।
ਫਿਰ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਤੁਰੰਤ ਸਥਾਨਕ ਥਾਣੇ ‘ਤੇ ਪੁਲਿਸ ਪਹੁੰਚ ਗਈ। ਪੁਲਿਸ ਦੇ ਨਾਲ ਮੌਕੇ ‘ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 6 ਐਂਬੂਲੈਂਸ ਵੀ ਪਹੁੰਚੀਆਂ। ਜਿੱਥੋਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਏਕਤਾ ਵਿਹਾਰ ਦੇ ਠੀਕ ਨੇੜੇ ਹੀ ਸਥਿਤ ਸੀ.ਆਰ.ਪੀ.ਐੱਫ. ਕੈਂਪ ਜਾਂ ਐੱਨ.ਐੱਸ.ਜੀ. ਕੈਂਪ ਤੋਂ ਜ਼ਹਿਰੀਲੀ ਗੈਸ ਛੱਡੀ ਗਈ।
ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਤੋਂ ਵੀ ਗੈਸ ਲੀਕ ਜਾਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਸ ਗੱਲ ਦਾ ਪਤਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀਆਂ ਅੱਖਾਂ ਵਿਚ ਜਲਨ ਅਤੇ ਸਾਹ ਘੁਟਣ ਦੀ ਸ਼ਿਕਾਇਤ ਕਿਉਂ ਹੋਈ। ਦੱਖਣੀ ਪੱਛਮੀ ਜ਼ਿਲੇ ਦੇ ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਹਰਾਂ ਦੀ ਟੀਮ ਮੌਕੇ ‘ਤੇ ਪੁਹੰਚੀ ਅਤੇ ਦੇਰ ਰਾਤ ਤੱਕ ਏਕਤਾ ਵਿਹਾਰ ਵਿਚ ਤਹਿਲਕਾ ਮਚਿਆ ਹੋਇਆ ਸੀ ਅਤੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲੇ ਹੋਏ ਸਨ।
ਉਥੇ ਹੀ ਦਿੱਲੀ ਵਿਚ ਪ੍ਰਦੂਸ਼ਣ ਕਾਰਣ ਪਹਿਲਾਂ ਹੀ ਹਵਾ ਖਰਾਬ ਹੈ। ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਬੀਤੇ ਬੁੱਧਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ 361 ਰਹੀ। ਇਸ ਤੋਂ ਇਕ ਦਿਨ ਪਹਿਲਾਂ ਇਹ 290 ਰਿਕਾਰਡ ਕੀਤਾ ਗਿਆ ਸੀ। ਉਥੇ ਹੀ ਦੂਜੇ ਪਾਸੇ ਐੱਨ.ਸੀ.ਆਰ. ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਖਰਾਬ ਤੋਂ ਬਹੁਤ ਖਰਾਬ ਸ਼੍ਰੇਣੀ ਵਿਚ ਪਹੁੰਚ ਗਈ ਹੈ।



