ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਕਸਬੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈਆਂ। ਵਾਰਦਾਤ ਬੀਡੀਪੀਓ (BDPO) ਦਫ਼ਤਰ ਵਾਲੀ ਗਲੀ ਦੀ ਹੈ, ਜਿੱਥੇ ਕਾਤਲਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬਜ਼ੁਰਗ ਪਤੀ-ਪਤਨੀ ਦੇ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਲੁੱਟ-ਖੋਹ ਦੀ ਨੀਅਤ ਹੋ ਸਕਦੀ ਹੈ।
ਮ੍ਰਿਤਕਾਂ ਦੀ ਹੋਈ ਪਛਾਣ
ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਅਸੰਧ ਦੇ ਵਾਰਡ ਨੰਬਰ 8 ਤੋਂ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ 80 ਸਾਲਾ ਹਰਿਸਿੰਘ ਅਤੇ 75 ਸਾਲਾ ਲੀਲਾ ਵਜੋਂ ਹੋਈ ਹੈ। ਸਥਾਨਕ ਲੋਕਾਂ ਅਨੁਸਾਰ ਹਰਿਸਿੰਘ ਕਿਸੇ ਸਮੇਂ ਨੰਬਰਦਾਰ ਰਹੇ ਸਨ ਅਤੇ ਹੁਣ ਇਹ ਜੋੜਾ ਕਬਾੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ।
ਪੋਤੇ ਨੇ ਦੇਖਿਆ ਖੋਫਨਾਕ ਮੰਜ਼ਰ
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਜੋੜੇ ਦਾ ਪੋਤਾ ਰੋਹਿਤ ਸਵੇਰੇ ਕਰੀਬ 9:30 ਵਜੇ ਉਨ੍ਹਾਂ ਦੇ ਕਮਰੇ ‘ਤੇ ਪਹੁੰਚਿਆ। ਰੋਹਿਤ ਅਨੁਸਾਰ ਦਰਵਾਜ਼ੇ ਨੂੰ ਹਲਕੀ ਜਿਹੀ ਕੁੰਡੀ ਲੱਗੀ ਹੋਈ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਦੋਵਾਂ ਬਜ਼ੁਰਗਾਂ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਰੀਰ ਪੂਰੀ ਤਰ੍ਹਾਂ ਅਕੜ ਚੁੱਕੇ ਸਨ। ਸਾਮਾਨ ਦੀ ਫਰੋਲਾ-ਫਰਾਲੀ ਦੇਖ ਕੇ ਪਰਿਵਾਰ ਨੂੰ ਖ਼ਦਸ਼ਾ ਹੈ ਕਿ ਲੁਟੇਰਿਆਂ ਨੇ ਕਿਸੇ ਕੀਮਤੀ ਚੀਜ਼ ਦੀ ਭਾਲ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਜਾਂਚ ਤੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ
ਸੂਚਨਾ ਮਿਲਦੇ ਹੀ ਥਾਣਾ ਮੁਖੀ ਨਸੀਬ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਮੌਕੇ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਹਾਊਸ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਅਤੇ ਲੁੱਟ ਦੀ ਵਾਰਦਾਤ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/amritsar-murder-case-murder-of-an-immigrant-woman-from-australia-suspicion-falls-on-her-husband/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



