Amritsar Murder Case : ਆਸਟ੍ਰੇਲੀਆ ਤੋਂ ਆਈ ਪ੍ਰਵਾਸੀ ਮਹਿਲਾ ਦਾ ਕਤਲ, ਪਤੀ ‘ਤੇ ਸ਼ੱਕ ਦੀ ਸੂਈ

ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ‘ਹੋਟਲ ਕਿੰਗਜ਼ ਰੂਟ’ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਕਮਰੇ ਵਿੱਚੋਂ ਵਿਆਹਸ਼ੁਦਾ ਮਹਿਲਾ ਦੀ ਲਾਸ਼…

Amritsar Murder Case

ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ‘ਹੋਟਲ ਕਿੰਗਜ਼ ਰੂਟ’ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਕਮਰੇ ਵਿੱਚੋਂ ਵਿਆਹਸ਼ੁਦਾ ਮਹਿਲਾ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਸੀ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਮ੍ਰਿਤਕਾ ਦੇ ਪਤੀ ਮਨਦੀਪ ਸਿੰਘ ਢਿੱਲੋਂ ‘ਤੇ ਜਤਾਇਆ ਜਾ ਰਹੀ ਹੈ, ਜੋ ਵਾਰਦਾਤ ਤੋਂ ਬਾਅਦ ਫਰਾਰ ਹੈ।

ਆਸਟ੍ਰੇਲੀਆ ਤੋਂ ਖ਼ੁਸ਼ੀ-ਖ਼ੁਸ਼ੀ ਆਏ ਸਨ ਪੰਜਾਬ

ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਭਜੋਤ ਕੌਰ ਅਤੇ ਉਸ ਦਾ ਪਤੀ ਮਨਦੀਪ ਸਿੰਘ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ। ਉਹ ਕੁਝ ਸਮਾਂ ਪਹਿਲਾਂ ਹੀ ਇੱਕ ਪਰਿਵਾਰਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਪੰਜਾਬ ਆਏ ਸਨ। ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ 7 ਸਾਲ ਪਹਿਲਾਂ ਬੜੇ ਚਾਅ ਨਾਲ ਪਿੰਡ ਜੇਠੂਵਾਲ ਵਿੱਚ ਕੀਤਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਆਸਟ੍ਰੇਲੀਆ ਤੋਂ ਪਰਤੀ ਉਨ੍ਹਾਂ ਦੀ ਧੀ ਨਾਲ ਅਜਿਹੀ ਅਣਹੋਣੀ ਵਾਪਰ ਜਾਵੇਗੀ।

ਸ਼ੱਕ ਅਤੇ ਘਰੇਲੂ ਕਲੇਸ਼ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ

ਪ੍ਰਭਜੋਤ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮਨਦੀਪ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਨ ਲੱਗ ਪਿਆ ਸੀ, ਜਿਸ ਕਾਰਨ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮਨਦੀਪ ਜ਼ਬਰਦਸਤੀ ਪ੍ਰਭਜੋਤ ਨੂੰ ਆਪਣੇ ਨਾਲ ਹੋਟਲ ਲੈ ਕੇ ਗਿਆ ਸੀ, ਜਿੱਥੇ ਉਸ ਨੇ ਕਥਿਤ ਤੌਰ ‘ਤੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕਾ ਦਾ 6 ਮਹੀਨੇ ਦਾ ਮਾਸੂਮ ਬੱਚਾ ਹੁਣ ਮਾਂ ਦੀ ਮਮਤਾ ਤੋਂ ਵਾਂਝਾ ਹੋ ਗਿਆ ਹੈ।

ਪੁਲਿਸ ਦੀ ਕਾਰਵਾਈ ਅਤੇ ਜਾਂਚ

ਏ.ਸੀ.ਪੀ. ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਪੁਲਿਸ ਨੂੰ ਦੁਪਹਿਰ ਸਮੇਂ ਹੋਟਲ ਵਿੱਚ ਲਾਸ਼ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ। ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਨਦੀਪ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰਕੇ ਕਾਨੂੰਨੀ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/lohri-celebration-youth-reject-china-wire-for-kite-flying-ssp-orders-strict-action/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *