ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੰਟਰਨੈਸ਼ਨਲ ਏਅਰਪੋਰਟ ਦੇ ਨਾਮ ‘ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ ਦੇ ਦਿੱਤੇ ਬਿਆਨ ‘ਤੇ ਇਕ ਵਾਰ ਫਿਰ ਸ਼ਬਦੀ ਜੰਗ ਛਿੜ ਚੁੱਕੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ, ਮੁਹਾਲੀ ਸ਼ਹਿਰ ਦਾ ਨਾਮ ਮੁਹਾਲੀ ਦੇ ਹਵਾਈ ਅੱਡੇ ਦੇ ਨਾਮ ਤੋਂ ਬਾਅਦ ਦਰਜ ਹੋਣਾ ਚਾਹੀਦਾ ਹੈ, ਜੋ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੀ ਨਿੱਕੀ ਸੋਚ ਨੂੰ ਜ਼ਾਹਰ ਕਰ ਰਹੇ ਹਨ।
ਸਿੱਧੂ ਨੇ ਇਹ ਵੀ ਕਿਹਾ ਕਿ, ਕਿਰਨ ਖੇਰ ਖ਼ੁਦ ਇਸ ਏਅਰਪੋਰਟ ‘ਤੇ ਉਤਰ ਕੇ ਮੁਹਾਲੀ ਸ਼ਹਿਰ ਨੂੰ ਪਾਰ ਕਰਦਿਆਂ ਚੰਡੀਗੜ੍ਹ ਪਹੁੰਚੀ ਹੈ, ਜੇ ਉਨ੍ਹਾਂ ਮੰਗ ਕੀਤੀ ਕਿ, ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਰੱਖ ਦਿੱਤਾ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਘਿਰਾਓ ਕਰਕੇ ਉਨ੍ਹਾਂ ਦਾ ਪਾਰਟੀ ਤੋਂ ਬਾਇਕਾਟ ਕਰਵਾਇਆ ਜਾਵੇਗਾ। ਕਿਰਨ ਖੇਰ ਆਪਣੀ ਮਾੜੀ ਸੋਚ ਬਾਰੇ ਦੁਨੀਆ ਨੂੰ ਜਾਣੂ ਕਰਵਾ ਰਹੀ ਹਨ।
ਸੰਸਦ ਮੈਂਬਰ ਕਿਰਨ ਖੇਰ ਦੀ ਟਿੱਪਣੀ ‘ਮੁਹਾਲੀ ਨੂੰ ਜਾਣਦਾ ਹੀ ਕੌਂਣ ਹੈ ‘ ‘ਤੇ ਬਲਬੀਰ ਸਿੱਧੂ ਨੇ ਜਵਾਬ ਦਿੱਤਾ ਹੈ ਕਿ, ਉਨ੍ਹਾਂ ਨੂੰ ਇਸ ਸ਼ਹਿਰ ਦੇ ਇਤਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ, ਇਹ ਸ਼ਹਿਰ ਦਸਵੇਂ ਪਾਤਸ਼ਾਹ ਦੇ ਸਪੁੱਤਰ ਸਾਹਿਬਜਾਦਾ ਅਜੀਤ ਸਿੰਘ ਦੇ ਨਾਮ ਤੋਂ ਵਸਿਆ ਹੈ। ਨਾਲ ਹੀ ਇਹ ਆਈ ਟੀ ਅਤੇ ਖੇਡਾਂ ਦੀ ਦੁਨੀਆ ਵਿੱਚ ਮਸ਼ਹੂਰ ਹੈ। ਖੇਰ ਨੂੰ ਸ਼ਾਇਦ ਇਹ ਵੀ ਪਤਾ ਨਹੀਂ ਹੋਵੇਗਾ ਕਿ, ਚੰਡੀਗੜ੍ਹ ਪੰਜਾਬ ਦੇ 50 ਪਿੰਡਾਂ ਦੀ ਜ਼ਮੀਨ ‘ਤੇ ਸਥਿਤ ਹੈ, ਜਿਨ੍ਹਾਂ ਵਿੱਚੋਂ 28 ਪਿੰਡਾਂ ਨੂੰ ਬਰਬਾਦ ਕਰਕੇ ਉਸ ‘ਤੇ ਸ਼ਹਿਰ ਦੀ ਉਸਾਰੀ ਕੀਤੀ ਗਈ ਹੈ।
ਬੀਜੇਪੀ ਦੀ ਪੁੱਠੀ ਗਿਣਤੀ ਸ਼ੁਰੂ:ਸਿੱਧੂ
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ, ਕਿਰਨ ਖੇਰ ਹੀ ਨਹੀਂ ਬਲਕਿ ਸਾਰੇ ਭਾਜਪਾ ਆਗੂ ਵਿਅਰਥ ਗੱਲ ਕਰ ਰਹੇ ਹਨ,ਕਿਉਂਕਿ ਦੇਸ਼ ਵਿੱਚ ਉਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾਂ ਮਹਾਰਾਸ਼ਟਰ ਅਤੇ ਹੁਣ ਝਾਰਖੰਡ ਦੇ ਨਤੀਜੇ ਇਸ ਤੱਥ ਦਾ ਸਬੂਤ ਹਨ।


