ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਚਕਰਵਾਤੀ ਤੂਫਾਨ ‘ਅਮਫਾਨ’ ਤੋਂ ਬਾਅਦ ਹੁਣ ਚੱਕਰਵਾਤੀ ਤੂਫਾਨ ‘ਨਿਸਰਗ’ ਗੁਜਰਾਤ ਦੇ ਤੱਟ ਉੱਤੇ ਤਿੰਨ ਜੂਨ ਨੂੰ ਦਸਤਕ ਦੇ ਸਕਦਾ ਹੈ ਜਿਸ ਦੇ ਚੱਲਦਿਆਂ ਮਹਾਰਾਸ਼ਟਰ, ਗੁਜਰਾਤ, ਗੋਆ, ਦਮਨ-ਦੀਵ ਅਤੇ ਦਾਦਰਾ ਨਗਰ ਹਵੇਲੀ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਇਸ ਨਾਲ ਹੋਣ ਵਾਲੀ ਤਬਾਹੀ ਦੀ ਸੰਭਾਵਨਾ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਨੀਚਲੇ ਇਲਾਕਿਆਂ ਵਿਚ ਰਹਿਣ ਵਾਲੇ ਨੂੰ ਲੋਕਾਂ ਨੂੰ ਉੱਥੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਚੱਕਰਵਾਤੀ ਤੂਫਾਨ ‘ਨਿਸਰਗ’ ਦੇ ਖਤਰੇ ਨੂੰ ਭਾਂਪਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨਾਲ ਨਜਿੱਠਣ ਲਈ ਕੀਤੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਅਤੇ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਦੇ ਨਾਲ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ ਇਨ੍ਹਾਂ ਸੂਬਿਆਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਸਾਰੇ ਸੂਬਿਆਂ ਦੇ ਇਕ ਦਰਜਨ ਤੋਂ ਵੱਧ ਜਿਲ੍ਹਿਆਂ ਵਿਚ ਐਨਡੀਆਰਐਫ ਦੀਆਂ 23 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਰਬ ਸਾਗਰ ਉੱਤੇ ਬਣਿਆ ਘੱਟ ਦਬਾਅ ਦਾ ਖੇਤਰ ਅਗਲੇ 24 ਘੰਟਿਆਂ ਵਿਚ ਚੱਕਰਵਾਤ ਦਾ ਰੂਪ ਲੈ ਸਕਦਾ ਹੈ। ਇਸ ਦਬਾਅ ਦੇ ਭਿਆਨਕ ਚੱਕਰਵਾਤੀ ਤੂਫਾਨ ਵਿਚ ਤਬਦੀਲ ਹੋਣ ਉੱਤੇ ਹਵਾ ਦੀ ਰਫ਼ਤਾਰ 105 ਤੋਂ 115 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 3 ਜੂਨ ਦੀ ਸ਼ਾਮ ਨੂੰ ਚੱਕਰਵਾਤੀ ਤੂਫਾਨ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਨੂੰ ਪਾਰ ਕਰ ਜਾਵੇਗਾ ਜਿਸ ਕਰਕੇ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਉੱਥੇ ਹੀ ਐਨਡੀਆਰਐਫ ਦੇ ਡਾਇਰੈਕਟਰ ਐਸਐਨ ਪ੍ਰਧਾਨ ਨੇ ਕਿਹਾ ਹੈ ਕਿ ਨਿਸਰਗ ਇਕ ਖਤਰਨਾਕ ਤੂਫਾਨ ਹੈ ਅਤੇ ਉਨ੍ਹਾਂ ਦੀਆਂ ਟੀਮਾਂ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟੀ ਇਲਾਕਿਆਂ ਦੇ ਨੇੜੇ-ਤੇੜ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਸੰਕਟ ਵੀ ਚੱਲ ਰਿਹਾ ਹੈ।ਇਸ ਲਈ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਇਸ ਸੰਕਟ ਦੇ ਦੌਰ ਵਿਚ ਬਿਜਟੀ ਦੀ ਕੁਟੌਤੀ ਨਾ ਹੋਵੇ। ਦੱਸ ਦਈਏ ਕਿ ਪਿਛਲੇ ਮਹੀਨੇ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਆਏ ਮਹਾਚਕਰਵਾਤੀ ਤੂਫਾਨ ਅਮਫਾਨ ਨੇ ਭਾਰੀ ਤਬਾਹੀ ਮਚਾਈ ਸੀ ਅਤੇ 80 ਤੋਂ ਵੱਧ ਜਾਨਾਂ ਚੱਲੀਆਂ ਗਈਆਂ ਸਨ।
