ਕਰਫਿਊ ਲੱਗਣ ਤੋਂ ਬਾਅਦ ਪੰਜਾਬ ਦੀ ਪਹਿਲੀ ਸਵੇਰ, ਜਾਣੋ ਕੀ ਨੇ ਹਾਲਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਬੀਤੇ ਦਿਨ ਪੰਜਾਬ ਸਰਕਾਰ ਨੇ ਕਰਫਿਊ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਬੀਤੇ ਦਿਨ ਪੰਜਾਬ ਸਰਕਾਰ ਨੇ ਕਰਫਿਊ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਕਰਫਿਊ ਦੀ ਸੂਬੇ ਵਿਚ ਇਹ ਪਹਿਲੀ ਸਵੇਰ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਉੱਤੇ ਮਨਾਹੀ ਹੈ ਅਤੇ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਹਾਲਾਂਕਿ ਕੁੱਝ ਜਿਲ੍ਹਿਆਂ ਦੇ ਪ੍ਰਸ਼ਾਸਨ ਦੁਆਰਾ ਕਰਫਿਊ ਵਿਚ ਢਿੱਲ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਦੇਰ ਰਾਤ ਕਰਫਿਊ ਲਗਾ ਦਿੱਤਾ ਗਿਆ ਹੈ।

ਦਰਅਸਲ ਕਰਫਿਊ ਲਗਾਉਣ ਤੋਂ ਬਾਅਦ ਹੀ ਬੀਤੇ ਕੱਲ੍ਹ ਵੱਖ-ਵੱਖ ਜਿਲ੍ਹਿਆ ਵਿਚ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਸਖਤ ਹੋ ਗਿਆ ਸੀ। ਬਜਾਰਾਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਸਪੀਕਰਾਂ ਰਾਹੀਂ ਅਨਾਊਸਮੈਂਟ ਕਰਕੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਸੀ। ਪੰਜਾਬ ਨਾਲ ਲੱਗਦੇ ਬਾਕੀ ਸੂਬਿਆਂ ਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਹਾਲਾਂਕਿ ਅੱਜ ਕੁੱਝ ਜਿਲ੍ਹਿਆਂ ਦੇ ਪ੍ਰਸ਼ਾਸਨ ਦੁਆਰਾ ਢਿੱਲ ਵੀ ਦਿੱਤੀ ਗਈ ਹੈ। ਦਰਅਸਲ ਬਰਨਾਲਾ ਅਤੇ ਸੰਗਰੂਰ ਜਿਲ੍ਹੇ ਵਿਚ ਪ੍ਰਸ਼ਾਸਨ ਨੇ ਕਰਫਿਊ ਵਿਚ ਅੱਜ ਸਵੇਰੇ 5 ਤੋਂ 7 ਵਜੇ ਤੱਕ ਕੁੱਝ ਕੁ ਕਰਿਆਨਾ, ਮੈਡੀਕਲ ਸਟੋਰ ਖੋਲਣ ਅਤੇ ਦੁੱਧ ਦੀ ਸਪਲਾਈ ਕਰਨ ਦੀ ਛੁੱਟ ਦਿੱਤੀ ਹੈ ਤਾਂ ਜੋ ਲੋਕ ਸਵੇਰੇ ਹੀ ਆਪਣੀ ਜਰੂਰਤ ਦਾ ਸਮਾਨ ਘਰਾਂ ਵਿਚ ਲੈ ਆਉਣ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਅਤੇ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਲਾਕਡਾਊਨ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਦੁਆਰਾ ਉਸ ਲੋਕਡਾਊਨ ਨੂੰ ਜਿਆਦਾ ਸਹਿਯੋਗ ਨਹੀਂ ਮਿਲਿਆ ਅਤੇ ਆਮ ਲੋਕਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾ ਹੀ ਜਾਰੀ ਸੀ।ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਦੇਰ ਰਾਤ ਚੰਡੀਗੜ੍ਹ ਵਿਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ ਜਿਸ ਦੌਰਾਨ ਕੇਵਲ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸੱਭ ਕੁੱਝ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *