ਜਲਾਲਾਬਾਦ ਵਿਚ ਵੱਡਾ ਹਾਦਸਾ ਵਾਪਰਿਆ ਹੈ। ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਉਤੇ ਪਿੰਡ ਪੀਰ ਮੁਹੰਮਦ ਨੇੜੇ ਛਬੀਲ ਪੀਣ ਲਈ ਸੜਕ ਉਤੇ ਖੜ੍ਹੇ ਜੋੜੇ ਨੂੰ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਹਿਲਾ ਦੇ ਹੱਥੋਂ 10 ਮਹੀਨੇ ਦਾ ਬੱਚਾ ਡਿੱਗ ਗਿਆ। ਇਸ ਦੌਰਾਨ ਬੱਸ ਦਾ ਟਾਇਰ ਬੱਚੇ ਉਪਰੋਂ ਲੰਘ ਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਬੱਚੇ ਦੇ ਪਿਤਾ ਪਾਲਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਾਈਕਲ ਉਤੇ ਪਿੰਡ ਪੰਜੇ ਤੋਂ ਫਤਹਿਗੜ੍ਹ ਨੂੰ ਵਾਪਸ ਆ ਰਿਹਾ ਸੀ ਕਿ ਤੇਜ਼ ਗਰਮੀ ਕਾਰਨ ਰਸਤੇ ਵਿਚ ਪੀਰ ਮੁਹੰਮਦ ਪਿੰਡ ਦੇ ਬੱਸ ਸਟੈਂਡ ਨੇੜੇ ਛਬੀਲ ਪੀਣ ਲਈ ਰੁਕ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ 10 ਮਹੀਨੇ ਦਾ ਬੱਚਾ ਸੁਖਚੈਨ ਪਤਨੀ ਦੇ ਹੱਥੋਂ ਹੇਠਾਂ ਡਿੱਗ ਗਿਆ। ਬੱਸ ਦੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ, ਹਾਲਾਂਕਿ ਦੋਵਾਂ ਦੇ ਵੀ ਸੱਟਾਂ ਲੱਗੀਆਂ, ਜਦੋਂਕਿ ਬੱਚੇ ਦੀ ਮਾਂ ਦੀ ਸਿਹਤ ਵੀ ਵਿਗੜ ਗਈ।

ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਰੋਡਵੇਜ਼ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਬੱਸ ਡਰਾਈਵਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
