ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦਾ ਉੱਤਰੀ ਖੇਤਰ ਇਸ ਸਮੇਂ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਕਰੋਨਾ ਵਾਇਰਸ ਦੀ ਚਪੇਟ ਬਹੁਤੀ ਖਤਰਨਾਕ ਤਾਂ ਨਹੀਂ ਮੰਨੀ ਜਾਂਦੀ ਪਰ ਇਸ ਦੇ ਫੈਲਣ ਦੀ ਤੀਬਰਤਾ ਕਾਫੀ ਤੇਜ਼ ਹੈ। ਚੀਨ ‘ਚ ਇਸ ਵਾਇਰਸ ਦੇ ਫੈਲਣ ਕਾਰਨ ਚੀਨ ਨੇ ਵੁਹਾਨ ਸਮੇਤ ਦੋ ਹੋਰ ਸ਼ਹਿਰਾਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਹਾਲ ਦੀ ਘੜੀ ਸੜਕਾਂ ‘ਤੇ ਸੁੰਨਸਾਨ ਪਸਰ ਗਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਡਰ ਦਾ ਮਾਹੌਲ ਕਾਇਮ ਹੈ। ਉੱਥ ਹੀ ਚੀਨ ਦੀ ਸਰਕਾਰ ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਸਾਊਦੀ ਅਰਬ ‘ਚ ਭਾਰਤੀ ਨਰਸ ਇਸ ਵਾਇਰਸ ਦੀ ਚਪੇਟ ‘ਚ
ਕਰੋਨਾ ਵਾਇਰਸ ਨੇ ਸਾਉਦੀ ਅਰਬ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀਂ ਸਾਉਦੀ ਅਰਬ ਦੇ ਅਲ-ਹਯਾਤ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਭਾਰਤੀ ਮੂਲ ਦੀ ਨਰਸ ਦੇ ਵਾਇਰਸ ਗ੍ਰਸਤ ਹੋਣ ਦੀ ਖ਼ਬਰ ਹੈ। ਇਸ ਖ਼ਬਰ ਦੀ ਪੁਸ਼ਟੀ ਖੁਦ ਭਾਰਤੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਕੀਤੀ ਹੈ।
Update from @CGIJeddah : About 100 Indian nurses mostly from Kerala working at Al-Hayat hospital have been tested and none except one nurse was found infected by Corona virus. Affected nurse is being treated at Aseer National Hospital and is recovering well. @PMOIndia @MEAIndia https://t.co/jM0u5243GV
— V. Muraleedharan (@MOS_MEA) January 23, 2020
ਇਸ ਬਾਬਤ ਟਵੀਟ ਕਰਦਿਆਂ ਵੀ ਮੁਰਲੀਧਰਨ ਨੇ ਲਿਖਿਆ ਕਿ, ਸਾਊਦੀ ਅਰਬ ਦੇ ਅਲ-ਹਯਾਤ ਹਸਪਤਾਲ ਵਿੱਚ ਕੰਮ ਕਰਦੀਆਂ 100 ਦੇ ਕਰੀਬ ਭਾਰਤੀ ਮੂਲ ਦੀਆਂ ਨਰਸਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਸੰਬੰਧੀ ਜਾਂਚ ਕੀਤੀ ਗਈ, ਜਿਸ ‘ਚ ਇੱਕ ਨਰਸ ਦੇ ਕੋਰੋਨਾ ਵਾਇਰਸ ਤੋਂ ਪੀੜ੍ਹਤ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤ ਨਰਸ ਨੂੰ ਅਸੀਰ ਨੈਸ਼ਨਲ ਹਸਪਤਾਲ ‘ਚ ਦਾਖਿਲ ਕਰਵਾ ਦਿੱਤਾ ਗਿਆ ਹੈ।
ਜਾਣੋ, ਕੀ ਹੈ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਮੁੱਖ ਰੂਪ ਵਿੱਚ ਨੱਕ ਅਤੇ ਗਲੇ ਨਾਲ ਸੰਬੰਧਿਤ ਰੋਗ ਹੈ। ਇਸ ਦੇ ਹੋਣ ਨਾਲ ਰੋਗੀ ਵਿਅਕਤੀ ਵਿੱਚ ਨਿਮੋਨੀਆ ਦੇ ਲੱਛਣਾਂ ਨੂੰ ਵੀ ਪਾਇਆ ਜਾਂਦਾ ਹੈ। ਇਹ ਤੇਜ਼ ਗਤੀ ਨਾਲ ਫੈਲਣ ਵਾਲਾ ਵਾਇਰਸ ਹੈ। ਇਹ ਜਿਆਦਾਤਰ ਸਰਦੀਆਂ ਵਿੱਚ ਹੀ ਫੈਲਦਾ ਹੈ।
ਚੀਨ ‘ਚ 25 ਦੇ ਕਰੀਬ ਮੌਤਾਂ
ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਚੀਨ ਵਿੱਚ ਹੁਣ ਤੱਕ 25 ਦੇ ਕਰੀਬ ਮੌਤਾਂ ਹੋ ਗਈਆਂ ਹਨ ਅਤੇ ਇਸ ਨਾਲ 850 ਦੇ ਕਰੀਬ ਪ੍ਰਭਾਵਿਤ ਲੋਕਾਂ ਦੀ ਪੁਸ਼ਟੀ ਕੀਤੀ ਗਈ ਹੈ। ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਚੀਨ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਸ਼ਹਿਰਾਂ ਨੂੰ ਬੰਦ ਕਰ ਦਿੱਤਾ ਹੈ। ਚੀਨ ਦਾ ਉੱਤਰੀ ਇਲਾਕਾ ਅਤੇ ਮੱਧ ਇਲਾਕਾ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਚੰਡੀਗੜ੍ਹ ਵਿੱਚ ਵੀ ਅਲਰਟ ਜਾਰੀ
ਕਰੋਨਾ ਵਾਇਰਸ ਦੇ ਚੀਨ ਵਿੱਚ ਵੱਡੇ ਪੱਧਰ ‘ਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਕਾਰਨ ਚੰਡੀਗੜ੍ਹ ਪ੍ਰਸ਼ਾਸ਼ਨ ਵੀ ਪੱਬਾਂ ਭਾਰ ਨਜ਼ਰ ਆ ਰਿਹਾ ਹੈ। ਇਸ ਸੰਬੰਧੀ ਚੰਡੀਗੜ੍ਹ ਏਅਰਪੋਰਟ ਜ਼ਰੀਏ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖਾਸ ਕਰ ਚੀਨ ਜ਼ਰੀਏ ਭਾਰਤ ਆਉਣ ਵਾਲੇ ਯਾਤਰੀਆਂ ਦੀ ਜਾਂਚ ਮੁੱਖ ਤੌਰ ‘ਤੇ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਏਅਰਪੋਰਟ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ‘ਚ ਸਿਵਲ ਸਰਜਨ ਡਾ. ਮਨਜੀਤ ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਹਰਮਨਦੀਪ ਕੌਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ‘ਚ ਇੰਮੀਗ੍ਰੇਸ਼ਨ, ਕਸਟਮਰ, ਸੀਆਰਪੀਐਫ ਅਤੇ ਏਅਰਲਾਇਨਜ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਹੈ।




