ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੇ ਦੇਸ਼ ਭਰ ‘ਚੋਂ 196 ਤੋੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਪੰਜ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਹੀ ਹੁਣ ਕੋਰੋਨਾ ਵਾਇਰਸ ਨੇ ਬਾਲੀਵੁੱਡ ਵਿਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਦਰਅਸਲ ਬਾਲੀਵੁੱਡ ਦੀ ਮਸ਼ਹੂਰ ਗਾਇਕ ਕਨਿਕਾ ਕਪੂਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਬੀਤੇ 15 ਮਾਰਚ ਨੂੰ ਕਨਿਕਾ ਲੰਡਨ ਤੋਂ ਵਾਪਸ ਲਖਨਊ ਪਰਤੀ ਸੀ ਅਤੇ ਏਅਰਪੋਰਟ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਉਹ ਬਿਨਾਂ ਜਾਂਚ ਤੋਂ ਏਅਰਪੋਰਟ ਤੋਂ ਨਿਕਲ ਗਈ ਸੀ ਇੰਨਾ ਹੀ ਨਹੀਂ ਉਸ ਨੇ ਸ਼ਹਿਰ ਦੇ ਵੱਡੇ ਹੋਟਲ ਵਿਚ ਇਕ ਪਾਰਟੀ ਵੀ ਆਯੋਜਿਤ ਕੀਤੀ ਸੀ ਜਿਸ ਵਿਚ ਕਈ ਵੱਡੀ ਹਸਤੀਆਂ ਸਮੇਤ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ ਸਨ ਅਤੇ ਹੁਣ ਖਬਰ ਇਹ ਮਿਲੀ ਹੈ ਕਿ ਕਨਿਕਾ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਜ਼ੀਟਿਵ ਪਾਈ ਗਈ ਹੈ ਜਿਸ ਕਰਕੇ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਹੜਕੰਪ ਮਚਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹੁਣ ਕਨਿਕਾ ਕਪੂਰ ਨੂੰ ਆਈਸੋਲੇਟ ਕੀਤਾ ਜਾ ਚੁੱਕਾ ਹੈ।
ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ। ਮਹਾਰਾਸ਼ਟਰ ਵਿਚੋਂ ਹੁਣ ਤੱਕ 52 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਦੇ ਚੱਲਦੇ ਸੂਬੇ ਦੇ ਸੀਐਮ ਉੱਧਵ ਠਾਕਰੇ ਨੇ 4 ਸ਼ਹਿਰਾਂ ਨੂੰ 31 ਮਾਰਚ ਤੱਕ ਲਾਕਡਾਊਨ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸ਼ਹਿਰਾਂ ਵਿਚ ਦੇਸ਼ ਦੀ ਆਰਥਿਕ ਰਾਜਧਾਨੀ ਮੰਨੇ ਜਾਣ ਵਾਲੀ ਮੁੰਬਈ, ਪਿੰਪਰੀ ਨਾਗਪੁਰ ਅਤੇ ਪੁਣੇ ਸ਼ਾਮਲ ਹਨ।

